ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਸਨਮਾਨ ਪੰਥ ‘ਤੇ ਇਕ ਹੋਰ ਹਮਲਾ- ਜਥੇਦਾਰ ਹਵਾਰਾ ਕਮੇਟੀ

“ਸ਼੍ਰੋਮਣੀ ਅਕਾਲੀ ਦਲ ਦੀ ਗੰਧਲੀ ਸਿਆਸਤ ਦੀ ਸਰਪ੍ਰਸਤੀ ਹੇਠ ਰਬੜ ਦੀ ਮੋਹਰ ਬਣ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮਾਂਤਰੀ ਪੱਧਰ ਤੇ ਸਿੱਖ ਜਗਤ ਵਿੱਚ ਆਪਣਾ ਧਾਰਮਿਕ ਵੱਕਾਰ ਗੁਆ ਚੁੱਕੀ ਹੈ” ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਵੱਲੋਂ ਦਿੱਤੇ ਗਏ।

ਕਮੇਟੀ ਆਗੂਆਂ ਪ੍ਰੋ. ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਅਤੇ ਬਲਬੀਰ ਸਿੰਘ ਹਿਸਾਰ ਨੇ ਕਿਹਾ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਬਾਦਲ ਪਰਿਵਾਰ ਨਾਲ ਗੂੜ੍ਹੀ ਸਾਂਝ ਹੈ। ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ/ਕੋਟਕਪੂਰਾ ਵਿਖੇ ਸ਼ਾਂਤਮਈ ਰੋਸ ਪ੍ਰਗਟ ਕਰਦਿਆਂ ਸਿੱਖ ਸੰਗਤਾਂ ਉੱਤੇ ਬਾਦਲਾਂ ਦੇ ਆਦੇਸ਼ ਤੇ ਉਮਰਾ ਨੰਗਲ ਨੇ ਅੰਨ੍ਹੇ ਵਾਹ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਅਤੇ ਅਨੇਕਾਂ ਨੂੰ ਜ਼ਖਮੀ ਕੀਤਾ ਸੀ।

ਇਸ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਪੜਤਾਲ ਵਿੱਚ ਉਮਰਾਨੰਗਲ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਅਦਾਲਤ ਵਿੱਚ ਉਮਰਾਨੰਗਲ ਦੇ ਖਿਲਾਫ ਬਹਿਬਲ ਕਲਾਂ ਗੋਲੀ ਕਾਂਡ ਤੋਂ ਇਲਾਵਾ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਵੀ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਦੇ ਚੜ੍ਹਾਵੇ ਨਾਲ ਚੱਲ ਰਹੀ ਹੈ ਅਤੇ ਉਸ ਦਾ ਕੌਮੀ ਫਰਜ਼ ਬਣਦਾ ਹੈ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਕਿਸੇ ਵੀ ਮੰਚ ਤੋਂ ਸਨਮਾਨਿਤ ਨਾ ਕਰੇ। ਇਤਿਹਾਸ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਦੋਸ਼ ਲੱਗਣ ਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਉਸ ਵੱਲੋਂ ਭੇਟ ਕੀਤੀ ਦੇਗ ਅਤੇ ਭੇਟਾ ਵੀ ਸਵੀਕਾਰ ਨਹੀਂ ਕੀਤੀ ਸੀ।

ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਨੇ ਉਮਰਾਨੰਗਲ ਨੂੰ ਸਨਮਾਨਿਤ ਕਰਕੇ ਜੋ ਕੌਮ ਦੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਉਸ ਦੀ ਪੰਥ ਕੋਲੋਂ ਮੁਆਫੀ ਮੰਗਣ।

  • 274
  •  
  •  
  •  
  •