ਕੋਰੋਨਾਵਾਇਰਸ ਦੇ ਮੱਦੇਨਜ਼ਰ ਚੀਨ ਅਤੇ ਅਮਰੀਕਾ ਵਿਚਾਲੇ ਸ਼ਬਦੀ ਜੰਗ ਜਾਰੀ

ਚੀਨ ਨੇ ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਅਮਰੀਕਾ ਵੱਲੋਂ ਕੀਤੀ ਜਾਂਚ ਦੀ ਮੰਗ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਕਿਸੇ ਦੇਸ਼ ਨੂੰ ਗਲ਼ਤ ਠਹਿਰਾਉਣਾ ਛੱਡ ਦੇਵੇ ਅਤੇ ਆਪਣੇ ਮੁਲਕ ਉੱਤੇ ਧਿਆਨ ਦੇਵੇ ਅਤੇ ਆਪਣੀਆਂ ਗਲ਼ਤੀਆਂ ਮੰਨ ਲਵੇ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਜ ਸ਼ੁਆਂਗ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਸਾਨੂੰ ਉਮੀਦ ਹੈ ਕਿ ਅਮਰੀਕਾ ਆਪਣੇ ਲੋਕਾਂ ਅਤੇ ਵਿਸ਼ਵ ਦੇ ਬਾਕੀ ਭਾਈਚਾਰਿਆਂ ਦੀਆਂ ਚਿੰਤਾਵਾਂ ‘ਤੇ ਕਾਰਵਾਈ ਕਰੇਗਾ। ਸ਼ਾਇਦ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੂੰ ਵੀ ਇਸ ਜਾਂਚ ਵਿਚ ਸਹਾਇਤਾ ਲਈ ਸੱਦਾ ਦਿੱਤਾ ਜਾ ਸਕਦਾ ਹੈ।”
ਸੋਮਵਾਰ ਨੂੰ ਸਰਕਾਰੀ ਸੰਵਾਦ ਕਮੇਟੀ ਸਿਨਹੂਆ ਨੇ ਇੱਕ ਟਿੱਪਣੀ ‘ਚ ਅਮਰੀਕੀ ਰਿਪਬਲੀਕਨ ਨੇਤਾਵਾਂ ’ਤੇ ਇਸ ਮਹਾਂਮਾਰੀ ਨੂੰ ਲੈ ਕੇ ਚੀਨ ਉੱਤੇ ਹਮਲਾ ਕਰਕੇ ਇੱਕ ਰਾਜਨੀਤਿਕ ਪੱਖ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ।

ਸਿਨਹੂਆ ਨੇ ਕਿਹਾ, “ਦੂਜਿਆਂ ’ਤੇ ਦੋਸ਼ ਲਾ ਕੇ ਅਤੇ ਲੋਕਾਂ ਦਾ ਧਿਆਨ ਵੰਡ ਕੇ ਆਪਣੀਆਂ ਅਸਫਲਤਾਵਾਂ ਨੂੰ ਢਕਣ ਦੀ ਕੋਸ਼ਿਸ਼ ਕਰਨ ਦੀ, ਅਮਰੀਕੀ ਰੂੜੀਵਾਦੀਆਂ ਦੀ ਕੋਸ਼ਿਸ ਉਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣਗੇ ਜੋ ਮਹਾਂਮਾਰੀ ਨਾਲ ਲੜ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨਾਲ ਇਹ ਵਿਸ਼ਵਵਿਆਪੀ ਸੰਘਰਸ਼ ਹੋਰ ਮੁਸ਼ਕਲ ਬਣ ਜਾਵੇਗਾ।”

ਵ੍ਹਾਈਟ ਹਾਊਸ ਵਿੱਚ ਹੋਈ ਪ੍ਰੈਸ ਬ੍ਰੀਫਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਚੀਨ ਦੇ ਪ੍ਰਤੀਕਰਮ ਨੂੰ ਲੈ ਕੇ ‘ਬੇਹੱਦ ਗੰਭੀਰ ਜਾਂਚ’ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਨੇ ਕਿਹਾ, “ਅਸੀਂ ਚੀਨ ਤੋਂ ਖੁਸ਼ ਨਹੀਂ ਹਾਂ, ਅਸੀਂ ਪੂਰੀ ਸਥਿਤੀ ਤੋਂ ਖੁਸ਼ ਨਹੀਂ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਨੂੰ ਰੋਕਿਆ ਜਾ ਸਕਦਾ ਸੀ ਜਿੱਥੋਂ ਇਹ ਸ਼ੁਰੂ ਹੋਇਆ ਸੀ।”

“ਇੱਥੇ ਕੋਈ ਵੀ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਰਿਹਾ, ਅਸੀਂ ਉਨ੍ਹਾਂ ਲੋਕਾਂ ਦੇ ਸਮੂਹ ਨੂੰ ਦੇਖ ਰਹੇ ਹਾਂ ਜੋ ਉਸ ਜਗ੍ਹਾ ’ਤੇ ਇਸ ਨੂੰ ਰੋਕ ਸਕਦੇ ਸੀ ਜਿੱਥੇ ਇਹ ਪੈਦਾ ਹੋਇਆ ਸੀ।”

ਚੀਨ ਵੱਲ ਇਸ਼ਾਰਾ ਕਰਦਿਆਂ ਟਰੰਪ ਨੇ ਕਿਹਾ, “ਉਹ ਸਿਰਫ਼ ਸਾਨੂੰ ਹੀ ਨਹੀਂ, ਬਲਕਿ ਪੂਰੀ ਦੁਨੀਆਂ ਨੂੰ ਬਚਾ ਸਕਦੇ ਸਨ।”

ਦੱਸ ਦਈਏ ਕਿ ਪਿਛਲੇ ਦਿਨਾਂ ਵਿਚ ਅਮਰੀਕਾ ਵੱਲੋਂ ਚੀਨ ਉੱਤੇ ਕਈ ਪ੍ਰਕਾਰ ਦੇ ਦੋਸ਼ ਲਾਏ ਗਏ ਅਤੇ WHO ‘ਤੇ ਵੀ ਪੱਖਪਾਤੀ ਹੋਣ ਦਾ ਦੋਸ਼ ਲਾਇਆ। ਪਰ ਚੀਨ ਨੇ ਇਹ ਸਾਰੇ ਦੋਸ਼ ਨਕਾਰ ਦਿੱਤੇ ਹਨ।

  •  
  •  
  •  
  •  
  •