ਅਮਰੀਕਾ ਦੇ ਝੰਡੇ ਨਾਲ ਦੂਜੀ ਵਾਰ ਇਕ ਮਹੀਨੇ ਲਈ ਝੂਲੇਗਾ ਖਾਲਸਈ ਝੰਡਾ

ਖਾਲਸਾ ਪੰਥ ਲਈ ਅਪ੍ਰੈਲ ਮਹੀਨੇ ਦੀ ਖਾਸ ਵਿਸ਼ੇਸ਼ਤਾ ਹੈ। ਇਸ ਮਹੀਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਇਸ ਵੇਲੇ ਕਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਪੂਰੇ ਵਿਸ਼ਵ ਵਿਚ ਲਾਕਡਾਊਨ ਚੱਲ ਰਿਹਾ ਹੈ ਅਤੇ ਲਗਭਗ ਸਭ ਸਰਗਰਮੀਆਂ ਮੁਲਤਵੀ ਹਨ। ਪਰ ਅਮਰੀਕਨ ਸਿੱਖਾਂ ਵਲੋਂ ਅਮਰੀਕਾ ਦੇ ਸੂਬੇ ਮੈਸਾਚਿਉਸਟ ਦੇ ਸ਼ਹਿਰ ਹੌਲੀਓਕ ਵਿਚ ਇਤਿਹਾਸ ਦੁਹਰਾਇਆ ਗਿਆ ਹੈ। ਵਰਲਡ ਸਿੱਖ ਪਾਰਲੀਮੈਂਟ ਦੀ ਧਾਰਮਿਕ ਕੌਂਸਲ (ਰਿਲੀਜੀਅਸ ਕੌਂਸਲ) ਦੇ ਗੁਰਨਿੰਦਰ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਹੌਲੀਓਕ ਸ਼ਹਿਰ ਦੇ ਸਿਟੀ ਹਾਲ ਵਿਚ ਅਮਰੀਕਾ ਦੇ ਝੰਡੇ ਨਾਲ ਨਾਲ ਇਕ ਮਹੀਨੇ ਲਈ ਖਾਲਸਈ ਝੰਡਾ ਝੁਲਾਏ ਜਾਣ ਦੇ ਪ੍ਰਬੰਧਾਂ ਨੂੰ ਅਮਲੀ ਰੂਪ ਦਿੱਤਾ ਗਿਆ।

ਇਸ ਸਬੰਧੀ ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ ਅਤੇ ਗੁਰਨਿੰਦਰ ਸਿੰਘ ਧਾਲੀਵਾਲ ਖਜਾਨਚੀ (ਅਮਰੀਕਾ ਰਿਜਨ) ਨੇ ਦੱਸਿਆ ਕਿ ਅੱਜ 29 ਅਪ੍ਰੈਲ ਦਾ ਦਿਨ ਸਿੱਖ ਇਤਿਹਾਸ ਵਿਚ ਖਾਸ ਅਹਿਮੀਅਤ ਰੱਖਦਾ ਹੈ, ਅੱਜ ਦੇ ਦਿਨ 29 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਵਲੋਂ ਖਾਲਿਸਤਾਨ ਐਲਾਨਨਾਮਾ ਜਾਰੀ ਕੀਤਾ ਗਿਆ ਸੀ। ਅੱਜ ਉਸੇ ਦਿਨ ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਕੌਂਸਲ ਵਲੋਂ ਮੈਸਾਚਿਉਸਟ ਸੂਬੇ ਦੇ ਹੌਲੀਓਕ ਸ਼ਹਿਰ ਦੇ ਸਿਟੀ ਹਾਲ ਵਿਚ ਖਾਲਸਈ ਝੰਡਾ ਝੁਲਾ ਕੇ ਖਾਲਿਸਤਾਨ ਐਲਾਨਨਾਮੇ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਝੰਡਾ ਚੜ੍ਹਾਏ ਜਾਣ ਦੀ ਰਸਮ ਸ਼ਹਿਰ ਦੇ ਮੇਅਰ ਐਲਕਸ ਮੌਰਸ, ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ ਅਤੇ ਗੁਰਨਿੰਦਰ ਸਿੰਘ ਧਾਲੀਵਾਲ ਖਜਾਨਚੀ (ਅਮਰੀਕਾ ਰਿਜਨ) ਵਲੋਂ ਨਿਭਾਈ ਗਈ ਜਦਕਿ ਇਸ ਮੌਕੇ ਚਰਨਜੀਤ ਸਿੰਘ ਸਮਰਾ, ਕੁਲਜੀਤ ਸਿੰਘ ਅਤੇ ਸ਼ਹਿਰ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਸ. ਮਿਹਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਇਸ ਮੌਕੇ ਸ. ਹਿੰਮਤ ਸਿੰਘ ਕੋਆਰਡੀਨੇਟਰ ਨੇ ਕਿਹਾ ਕਿ ਅਮਰੀਕਾ ਰਹਿੰਦੇ ਸਿੱਖ ਭਾਈਚਾਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਦੇ ਸਰਵਸ੍ਰੇਸ਼ਟ ਮੁਲਕ ਅਮਰੀਕਾ ਵਿਚ ਅਧਿਕਾਰਤ ਤੌਰ ’ਤੇ ਅਮਰੀਕਾ ਦੇ ਝੰਡੇ ਦੇ ਨਾਲ ਖਾਲਸਈ ਝੰਡਾ ਝੂਲੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵਰਲਡ ਸਿੱਖ ਪਾਰਲੀਮੈਂਟ ਦੀਆਂ ਕੋਸ਼ਿਸ਼ਾਂ ਨੂੰ ਬੂਰ ਇਸ ਲਈ ਪਿਆ ਹੈ ਕਿਉਂਕਿ ਅਮਰੀਕਾ ਧਾਰਮਿਕ ਅਜ਼ਾਦੀ ਦਾ ਮੁੱਦਈ ਹੈ ਜਦਕਿ ਭਾਰਤ ਵਰਗੇ ਮੁਲਕ ਵਿਚ ਘੱਟ ਗਿਣਤੀਆਂ ਨੂੰ ਦਬਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਇਸ ਦਿਹਾੜੇ ’ਤੇ ਸਮੁੱਚੇ ਸਿੱਖ ਪੰਥ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਸਿੱਖ ਭਾਈਚਾਰੇ ਦਾ ਦੁਨੀਆਂ ’ਚ ਮਾਣ ਵਧਾਉਣ ਲਈ ਹਰ ਸੰਭਵ ਕਾਰਜ ਕਰਦੀ ਰਹੇਗੀ।

ਜਾਰੀ ਕਰਤਾ: ਹਰਦਿਆਲ ਸਿੰਘ, ਮਨਪ੍ਰੀਤ ਸਿੰਘ

  • 11.7K
  •  
  •  
  •  
  •