ਸਿੱਖ ਰੈਫਰੈਂਸ ਲਾਇਬਰੇਰੀ ਮਾਮਲੇ ਤੇ ਸੁਣਵਾਈ ਅੱਗੇ ਪਾਈ

ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਫੌਜੀ ਹਮਲੇ ਦੌਰਾਨ ਫੋਜ ਵਲੋ ਲੁੱਟੇ ਮਹਾਂਕਵੀ ਸੰਤੋਖ ਸਿੰਘ ਸਿੱਖ ਰੈਫਰੈਸ ਲਾਇਬਰੇਰੀ ਦੇ ਖਜਾਨੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਇਕੋਰਟ ਵਿਚ ਚਲ ਰਹੇ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 27 ਮਈ 2020 ਪਾਈ ਗਈ ਹੈ। ਇਹ ਮਾਮਲਾ ਸਤਿੰਦਰ ਸਿੰਘ ਬਨਾਮ ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ ਦੇ ਹੋਮ ਅਫੈਅਰਜ਼, ਪ੍ਰਿਸੀਪਲ ਸੈਕਟਰੀ, ਭਾਰਤ ਸਰਕਾਰ ਦੇ ਹੋਮ ਸੈਕਟਰੀ, ਡਾਇਰੈਕਟਰ ਸੀ ਬੀ ਆਈ, ਸੈਕਟਰੀ ਡਿਫੈਸ ਅਤੇ ਸੈਕਟਰੀ ਕਲਚਰਚਲ ਅਫੈਅਰਜ਼ ਹੈ। ਇਸ ਦਾ ਕੇਸ ਨੰਬਰ 182-2019 ਹੈ ਤੇ ਇਹ ਕੇਸ 20 ਸਤੰਬਰ 2019 ਨੂੰ ਪੰਜਾਬ ਤੇ ਹਰਿਆਣਾ ਹਾਇਕੋਰਟ ਵਿਚ ਦਾਇਰ ਕੀਤਾ ਗਿਆ ਸੀ। ਕਿਹਾ ਜਾਂਦਾ ਸੀ ਕਿ ਜੂਨ 1984 ਵਿਚ ਫੋਜੀ ਹਮਲੇ ਤੋ ਦੌਰਾਨ 8 ਜੂਨ 1984 ਨੂੰ ਫੋਜ ਸਿੱਖ ਰੈਫਰੈਸ ਲਾਇਬਰੇਰੀ ਵਿਚ ਮੋਜੂਦ ਕੀਮਤੀ ਖਜਾਨਾ ਜਿਸ ਵਿਚ ਪੁਸਤਕਾਂ, ਖਰੜੇ, ਹੱਥ ਲਿਖਤ ਹੁਕਮਨਾਮੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਸ਼ਾਮਲ ਰਹੇ ਫੌਜ ਲੁੱਟ ਕੇ ਲੈ ਗਈ ਸੀ।

ਬੀਤੇ ਸਾਲ ਇਸ ਪੱਤਰਕਾਰ ਦੇ ਹੱਥ ਲਗੇ ਦਸਤਾਵੇਜਾਂ ਵਿਚ ਖੁਲਾਸਾ ਹੋਇਆ ਸੀ ਕਿ ਫੌਜ ਨੇ ਵੱਖ ਵੱਖ ਸਮੇ ਤੇ ਸ਼੍ਰੋਮਣੀ ਕਮੇਟੀ ਨੂੰ ਇਸ ਖਜਾਨੇ ਦਾ ਵੱਡਾ ਹਿੱਸਾ ਵਾਪਸ ਮੋੜ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਜੂਨ 2019 ਤਕ ਇਸ ਨੂੰ ਮੰਨਣ ਲਈ ਤਿਆਰ ਨਹੀ ਸੀ। ਪ੍ਰਾਪਤ ਦਸਤਾਵੇਜ਼ਾਂ ਮੁਤਾਬਿਕ ਭਾਰਤ ਸਰਕਾਰ ਨੇ 13 ਸੰਤਬਰ 1984, 31 ਅਕਤੂਬਰ 1984, 28 ਦਸੰਬਰ 1984, 5 ਜੁਲਾਈ 1985 ਅਤੇ 20 ਜੂਨ 1985 ਨੂੰ ਪੁਸਤਕਾਂ, ਖਰੜੇ, ਹੱਥ ਲਿਖਤ ਹੁਕਮਨਾਮੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਵਾਪਸ ਮੋੜੇ ਸਨ। ਫੌਜ ਵਲੋ ਸੌਂਪੇ ਇਨਾਂ ਮਹਤਵਪੂਰਨ ਇਤਿਹਾਸਕ ਪੁਸਤਕਾਂ, ਖਰੜੇ, ਹੱਥ ਲਿਖਤ ਹੁਕਮਨਾਮੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪਾਂ ਦੀ ਵਾਪਸੀ ਤੇ ਸ਼੍ਰੋਮਣੀ ਕਮੇਟੀ ਦੇ ਤੇ ਫੋਜ ਦੇ ਵਖ ਵਖ ਅਧਿਕਾਰੀਆਂ ਦੇ ਦਸਤਖਤ ਹਨ। ਇਹ ਖੁਲਾਸਾ ਹੋਣ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਦਬੀ ਜੁਬਾਨ ਵਿਚ ਮੰਨਣ ਲਗੇ ਸਨ ਕਿ ਸਮਾਨ ਵਾਪਸ ਮਿਲ ਚੁੱਕਾ ਹੈ ਪਰ ਕਿਥੇ ਹੈ, ਤੇ ਕਿਸ ਹਾਲ ਵਿਚ ਹੈ ਪਤਾ ਨਹੀ।

ਇਸ ਤੋ ਬਾਅਦ 13 ਜੂਨ 2019 ਨੂੰ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨੇ ਇਕ ਸਬ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਸਾਬਕਾ ਸਕਤੱਰ ਦਿਲਮੇਘ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਇਸ ਸਬ ਕਮੇਟੀ ਦੇ ਕੋਆਰਡੀਨੇਟਰ ਹਨ। ਇਸ ਕਮੇਟੀ ਦੀਆਂ ਹੁਣ ਤਕ ਤਿੰਨ ਹੀ ਮੀਟਿੰਗਾਂ ਹੋਈਆਂ ਹਨ ਜੋ ਬੇਨਤੀਜਾ ਰਹੀਆਂ। ਇਸ ਕੇਸ ਦੌਰਾਨ ਮਾਨਯੋਗ ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਪਾਂਸੋ ਇਕ ਸੂਚੀ ਮੰਗੀ ਸੀ ਕਿ ਤਾਂ ਪਤਾ ਲਗ ਸਕੇ ਕਿ ਫੋਜ ਕਿੰਨੀਆਂ ਪੁਸਤਕਾਂ, ਖਰੜੇ, ਹੱਥ ਲਿਖਤ ਹੁਕਮਨਾਮੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਲੈ ਕੇ ਗਈ ਹੈ ਤੇ ਹੁਣ ਤਕ ਕਿੰਨੇ ਵਾਪਸ ਮਿਲੇ ਹਨ। ਸਤਿੰਦਰ ਸਿੰਘ ਦੀ ਵਕੀਲ ਗੁਰਸਿਮਰਨ ਕੌਰ ਮਾਨ ਨੇ ਦਸਿਆ ਕਿ ਹੁਣ ਦੇਖਣਾ ਹੈ ਕਿ 27 ਮਈ ਨੂੰ ਸ਼੍ਰੋਮਣੀ ਕਮੇਟੀ ਅਦਾਲਤ ਨੂੰ ਇਹ ਸੂਚੀ ਦਿੰਦੀ ਹੈ ਜਾਂ ਨਹੀ।

  • 84
  •  
  •  
  •  
  •