8 ਲੱਖ ਤੋਂ ਵੱਧ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਛੱਡਣ ਲਈ ਦਿੱਤੀ ਆਨਲਾਈਨ ਅਰਜ਼ੀ

ਦੇਸ਼ ‘ਚ ਫੈਲੇ ਕੋਰੋਨਾ ਵਾਇਰਸ ਦੇ ਸੰਕਟ ਦੇ ਡਰੋਂ ਲੋਕ ਆਪਣੇ ਘਰਾਂ ਵਿਚ ਕੈਦ ਹਨ। ਇਸ ਦੇ ਚੱਲਦਿਆਂ ਹੀ ਪੰਜਾਬ ਵਿਚ ਵੱਖ-ਵੱਖ ਫੈਕਟਰੀਆਂ, ਉਦਯੋਗਾਂ ਵਿਚ ਕੰਮ ਕਰ ਰਹੇ ਲੱਖਾਂ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਪਿੱਤਰੀ ਰਾਜਾਂ ਵਿਚ ਜਾਣ ਦੀ ਕਾਹਲ ਹੈ। ਇਨ੍ਹਾਂ ਮਜ਼ਦੂਰਾਂ ਨੇ ਘਰ ਵਾਪਸੀ ਲਈ ਆਨਲਾਈਨ ਅਪਲਾਈ ਕੀਤਾ ਹੈ।

ਇਸ ਦੇ ਮੁਤਾਬਕ ਪੂਰੇ ਸੂਬੇ ‘ਚੋਂ ਘਰ ਵਾਪਸੀ ਜਾਣ ਵਾਲੇ ਮਜ਼ਦੂਰਾਂ ਦੀ ਗਿਣਤੀ 8.3 ਲੱਖ ਨੂੰ ਵੀ ਪਾਰ ਕਰ ਚੁੱਕੀ ਹੈ, ਜਿਸ ਕਾਰਨ ਸੂਬਾ ਸਰਕਾਰ ਪਰੇਸ਼ਾਨ ਹੈ। ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਭਾਰਤ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਜੇਕਰ ਅਜਿਹੀ ਆਬਾਦੀ ਆਪਣੇ ਸੂਬੇ ਨੂੰ ਜਾਣਾ ਚਾਹੁੰਦੀ ਹੈ ਤਾਂ ਉਹ ਵੈੱਬਸਾਈਟ www.covidhelp.punjab.gov.in ‘ਤੇ ਅਪਲਾਈ ਕਰ ਸਕਦਾ ਹੈ, ਜਿਸ ‘ਤੇ ਹੁਣ 4 ਤੋਂ 5 ਦਿਨਾਂ ਵਿਚਕਾਰ ਹੀ ਸਵਾ ਅੱਠ ਲੱਖ ਮਜ਼ਦੂਰ ਘਰ ਵਾਪਸੀ ਲਈ ਅਪਲਾਈ ਕਰ ਚੁੱਕੇ ਹਨ। ਇਸ ਪੋਰਟਲ ‘ਤੇ ਇਕ ਫਾਰਮ ‘ਤੇ ਤਕਰੀਬਨ 25 ਵਿਅਕਤੀਆਂ ਦੀ ਡਿਟੇਲ ਭਰੀ ਜਾ ਸਕਦੀ ਹੈ।

ਜਾਣਕਾਰੀ ਮੁਤਾਬਕ ਇਸ ਪੋਰਟਲ ‘ਤੇ ਸਨਅਤੀ ਸ਼ਹਿਰ ਲੁਧਿਆਣਾ ‘ਚੋਂ 4 ਲੱਖ, 60 ਹਜ਼ਾਰ, ਜਲੰਧਰ ‘ਚੋਂ 91 ਹਜ਼ਾਰ, ਮੋਹਾਲੀ ‘ਚੋਂ 66 ਹਜ਼ਾਰ, ਅੰਮ੍ਰਿਤਸਰ ‘ਚੋਂ 47 ਹਜ਼ਾਰ, ਪਟਿਆਲਾ ‘ਚੋਂ 28 ਹਜ਼ਾਰ ਅਤੇ ਫਤਿਹਗੜ੍ਹ ਸਾਹਿਬ ‘ਚੋਂ 21 ਹਜ਼ਾਰ ਮਜ਼ਦੂਰਾਂ ਨੇ ਅਪਲਾਈ ਕੀਤਾ ਹੈ, ਇਸ ਤਰ੍ਹਾਂ ਸੂਬੇ ਦੇ 22 ਜ਼ਿਲ੍ਹਿਆਂ ਦੇ ਮਜ਼ਦੂਰ ਘਰ ਵਾਪਸੀ ਲਈ ਪੋਰਟਲ ‘ਤੇ ਅਪਲਾਈ ਕਰ ਚੁੱਕੇ ਹਨ। ਇਨ੍ਹਾਂ ਮਜ਼ਦੂਰਾਂ ਦੀ ਘਰ ਵਾਪਸੀ ਕਰਾਉਣਾ ਸੂਬਾ ਸਰਕਾਰ ਲਈ ਸਭ ਤੋਂ ਔਖਾ ਹੋਵੇਗਾ ਕਿਉਂਕਿ ਇੰਨੇ ਮਜ਼ਦੂਰਾਂ ਦੀ ਮੈਡੀਕਲ ਜਾਂਚ ਕਿਵੇਂ ਹੋਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਸੂਬਿਆਂ ‘ਚ ਇਹ ਮਜ਼ਦੂਰ ਜਾਣਗੇ, ਉੱਥੇ ਵੀ ਇਨ੍ਹਾਂ ਨੂੰ ਸਾਂਭਣਾ ਕੋਈ ਆਸਾਨ ਨਹੀਂ ਹੋਵੇਗਾ, ਉੱਥੇ ਮਜ਼ਦੂਰਾਂ ਦੀ ਮੈਡੀਕਲ ਜਾਂਚ ਅਤੇ ਫਿਰ ਇਕਾਂਤਵਾਸ ਦੇ ਇੰਤਜ਼ਾਮ ਕਰਨੇ ਪੈਣਗੇ ਤੇ ਵਾਹਨਾਂ ਦਾ ਪ੍ਰਬੰਧ ਵੀ ਕਰਨਾ ਪਵੇਗਾ।

  • 321
  •  
  •  
  •  
  •