ਬਰਤਾਨਵੀ ਸਿੱਖ ਡਾਕਟਰਾਂ ਨੂੰ ਫਰੰਟਲਾਈਨ ਤੋਂ ਹਟਾਉਣ ਖਿਲਾਫ਼ ਮੁਹਿੰਮ ਸ਼ੁਰੂ

ਬਰਤਾਨੀਆ ਦੇ ਸਿੱਖ ਡਾਕਟਰਾਂ ਨੇ ਜਬਰੀ ਦਾੜ੍ਹੀ ਕਟਵਾਉਣ ਦੇ ਕੌਮੀ ਸਿਹਤ ਸੇਵਾ ਦੇ ਫ਼ੈਸਲੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਕੌਮੀ ਸਿਹਤ ਸੇਵਾ ਦੇ ਆਦੇਸ਼ ਅਨੁਸਾਰ ਵੱਖ-ਵੱਖ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਉਨ੍ਹਾਂ ਡਾਕਟਰਾਂ ਨੂੰ ਫਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿੱਤਾ ਗਿਆ ਹੈ ਕਿ ਉਨ੍ਹਾਂ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ।
ਵਿਭਾਗ ਦਾ ਤਰਕ ਹੈ ਕਿ ਸਿੱਖਾਂ ਦੀ ਦਾੜ੍ਹੀ ਕਾਰਨ ਚਿਹਰੇ ‘ਤੇ ਕਾਫੀ ਵਾਲ ਹੁੰਦੇ ਹਨ ਜੋ ਸੁਰੱਖਿਆ ਮਾਸਕ ਨੂੰ ਪੂਰੀ ਤਰ੍ਹਾਂ ਨਾਲ ਫਿਟ ਨਹੀਂ ਹੋਣ ਦਿੰਦੇ। ਇਸ ਕਰਕੇ ਸਿੱਖ ਡਾਕਟਰਾਂ ਨੂੰ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਸਿੱਖ ਡਾਕਟਰਸ ਐਸੋਸੀਏਸ਼ਨ ਨੂੰ ਅਜਿਹੇ ਪੰਜ ਸਿੱਖ ਡਾਕਟਰਾਂ ਤੋਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਨੂੰ ਨੈਸ਼ਨਲ ਹੈਲਥ ਸਰਵਿਸ ਹਸਪਤਾਲਾਂ ਦੀ ਸ਼ਿਫ਼ਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਸਿੱਖ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਪੰਜ ਡਾਕਟਰ ਸਾਡੇ ਸੰਪਰਕ ਵਿਚ ਹਨ ਤੇ ਮੁੱਖ ਡਿਊਟੀ ਤੋਂ ਲਾਂਭੇ ਕਰਨ ‘ਤੇ ਤਣਾਅ ‘ਚ ਹਨ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਵਿਸ਼ੇਸ਼ ‘ਫੇਸੀਅਲ ਪ੍ਰਰੋਟੈਕਟਿਵ ਮਾਸਕ’ ਦੀ ਕਮੀ ਕਾਰਨ ਆਈ ਹੈ ਜੋ ਕਿ ਆਈਸੀਯੂ ਵਿਚ ਵਰਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜਾਂ ਡਾਕਟਰਾਂ ਦੀ ਸਮੱਸਿਆ ਦਾ ਹੱਲ ਮਹਿੰਗੀ ਪੇਪਰਜ਼ ਕਿੱਟ ਨਾਲ ਕੀਤਾ ਜਾ ਰਿਹਾ ਹੈ ਕਿ ਜੋ ਕਿ 1000 ਪੌਂਡ ‘ਚ ਮਿਲਦੀ ਹੈ ਤੇ ਦੁਬਾਰਾ ਵਰਤੀ ਜਾ ਸਕਦੀ ਹੈ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਕੌਮੀ ਸਿਹਤ ਸੇਵਾ ਨਾਲ ਤਾਲਮੇਲ ਕਰ ਕੇ ਅਜਿਹੀਆਂ ਮਹਿੰਗੀਆਂ ਕਿੱਟਾਂ ਮੁਹੱਈਆ ਕਰਵਾਉਣ ‘ਤੇ ਜ਼ੋਰ ਦੇ ਰਹੀ ਹੈ।

ਸਿੱਖ ਕੌਂਸਲ ਯੂਕੇ, ਸਿੱਖ ਡਾਕਟਰਜ਼ ਐਸੋਸੀਏਸ਼ਨ ਨਾਲ ਮਿਲ ਕੇ ਕੌਮੀ ਸਿਹਤ ਸੇਵਾ ਦੇ ਚੀਫ ਐਗਜ਼ੈਕਟਿਵ ਅਫਸਰ ਸਰ ਸਿਮੋਨ ਸਟੀਵਨਜ਼ ਨਾਲ ਸੰਪਰਕ ਕਰ ਰਹੀ ਹੈ ਤਾਂਕਿ ਭਵਿੱਖ ਵਿਚ ਵਿਸ਼ੇਸ਼ ਕਿੱਟਾਂ ਦੀ ਵੱਡੀ ਮਾਤਰਾ ਵਿਚ ਖ਼ਰੀਦ ਕੀਤੀ ਜਾਵੇ ਤੇ ਸਿੱਖ ਡਾਕਟਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਉਧਰ, ਸਿੱਖ ਕੌਂਸਲ ਦਾ ਕਹਿਣਾ ਹੈ ਕਿ ਦਾੜ੍ਹੀ ਰੱਖਣਾ ਸਿੱਖ ਧਰਮ ਦੀ ਮਰਿਆਦਾ ਨਾਲ ਜੁੜਿਆ ਮੁੱਦਾ ਹੈ ਤੇ ਸਰਕਾਰ ‘ਫਿੱਟ ਟੈਸਟ’ ਦੇ ਨਾਂ ‘ਤੇ ਕਿਸੇ ਸਿੱਖ ਡਾਕਟਰ ਨੂੰ ਦਾੜ੍ਹੀ ਦੇ ਵਾਲ ਕਟਵਾਉਣ ਲਈ ਮਜਬੂਰ ਨਹੀਂ ਕਰ ਸਕਦੀ। ਕੌਮੀ ਸਿਹਤ ਸੇਵਾ ਨੇ ਇਸ ਦੌਰਾਨ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਢੁਕਵੇਂ ਕਦਮ ਚੁੱਕ ਰਹੀ ਹੈ। ਬਿ੍ਟੇਨ ‘ਚ ਪੀਪੀਈ ਕਿੱਟਾਂ ਦੀ ਕਮੀ ਪਿਛਲੇ ਸਮੇਂ ਤੋਂ ਪਾਈ ਜਾ ਰਹੀ ਹੈ ਤੇ ਕਈ ਐੱਨਜੀਓ ਇਨ੍ਹਾਂ ਦੀ ਪੂਰਤੀ ਲਈ ਫੰਡ ਵੀ ਇਕੱਠੇ ਕਰ ਰਹੇ ਹਨ।

  • 351
  •  
  •  
  •  
  •