ਕੈਨੇਡਾ ਸਮੇਤ ਕਈ ਦੇਸ਼ਾਂ ਲਈ ਜੁਲਾਈ ਦੇ ਅੰਤ ਤਕ ਸ਼ੁਰੂ ਹੋ ਜਾਣਗੀਆਂ ਕੌਮਾਂਤਰੀ ਉਡਾਣਾਂ!

– ਏਜੰਸੀ

ਭਾਰਤ ਦੀ ਕਈ ਦੇਸ਼ਾਂ ਨਾਲ ਹੋ ਰਹੀ ਹੈ ਨਿਰੰਤਰ ਗੱਲਬਾਤ
ਨਵੀਂ ਦਿੱਲੀ : ਕਰੋਨਾ ਕਾਲ ਦੀ ਸਤਾਈ ਲੋਕਾਈ ਹੁਣ ਮੁੜ ਸਿਰ-ਪੈਰ ਹੋਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਦੌਰਾਨ ਬੰਦ ਹੋਏ ਕਾਰੋਬਾਰੀ ਅਦਾਰਿਆਂ ਸਮੇਤ ਆਵਾਜਾਈ ਦੇ ਸਾਧਨ ਮੁੜ ਰਫ਼ਤਾਰ ਫੜਣ ਲੱਗੇ ਹਨ। ਭਾਵੇਂ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਸਮੇਤ ਲੋਕਾਂ ਅੰਦਰ ਚਿੰਤਾ ਵੀ ਪਾਈ ਜਾ ਰਹੀ ਹੈ, ਪਰ ਜ਼ਿੰਦਗੀ ਦਾ ਨੇਮ ਹੀ ਚਲਦੇ ਰਹਿਣ ‘ਚ ਹੈ, ਜਿਸ ‘ਚ ਜ਼ਿਆਦਾ ਖੜੋਤ ਸੰਭਵ ਨਹੀਂ। ਸੋ ਹੁਣ ਸਰਕਾਰਾਂ ਵਲੋਂ ਵੀ ਜ਼ਿੰਦਗੀ ਦੇ ਹਰ ਖੇਤਰ ਨੂੰ ਸਰਗਰਮ ਕਰਨ ਹਿਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ।

ਮੀਲਾਂ ਦੀ ਦੂਰੀ ਨੂੰ ਨੇੜਤਾ ‘ਚ ਤਬਦੀਲ ਕਰਨ ਦਾ ਮਾਦਾ ਰੱਖਦੀਆਂ ਘਰੇਲੂ ਹਵਾਈ ਸੇਵਾਵਾਂ ਨੂੰ ਸਰਕਾਰ ਪਹਿਲਾਂ ਹੀ ਹਰੀ ਝੰਡੀ ਦੇ ਚੁੱਕੀ ਹੈ। ਹੁਣ ਨਵੀਆਂ ਕਨਸੋਆਂ ਮੁਤਾਬਕ ਸਰਕਾਰ ਨੇ ਕੌਮਾਂਤਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦਾ ਮੰਨ ਬਣਾ ਲਿਆ ਹੈ। ਸੂਤਰਾਂ ਮੁਤਾਬਕ ਅਮਰੀਕਾ, ਕੈਨੇਡਾ ਅਤੇ ਯੂਏਈ ਆਦਿ ਦੇਸ਼ਾਂ ਵੱਲ ਉਡਾਣਾਂ ਜੁਲਾਈ ਦੇ ਅਖ਼ੀਰ ਤਕ ਚਾਲੂ ਹੋ ਜਾਣ ਦੀ ਸੰਭਾਵਨਾ ਬਣਦੀ ਦਿਸ ਰਹੀ ਹੈ।

ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਅਰਵਿੰਦ ਸਿੰਘ ਮੁਤਾਬਕ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਭਾਰਤ ਉਪਰੋਕਤ ਦੇਸ਼ਾਂ ਨਾਲ ਸੰਪਰਕ ਸਾਧ ਰਿਹਾ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਗੱਲਬਾਤ ਬਹੁਤ ਉੱਨਤ ਸਟੇਜ ‘ਤੇ ਪਹੁੰਚ ਚੁੱਕੀ ਹੈ। ਜੇਕਰ ਸਭ ਕੁੱਝ ਠੀਕ ਠਾਕ ਰਿਹਾ ਤਾਂ ਜੁਲਾਈ ਦੇ ਅਖ਼ੀਰ ਤਕ ਇਹ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਉਡਾਣਾਂ ਮੁੜ ਸ਼ੁਰੂ ਕਰਨ ਲਈ, ਅਮਰੀਕਾ, ਕੈਨੇਡਾ ਸਮੇਤ ਖਾੜੀ ਦੇਸ਼ਾਂ ਦੇ ਨਿਰੰਤਰ ਸੰਪਰਕ ਵਿਚ ਹੈ।

ਹਾਲਾਂਕਿ ਕੈਨੇਡਾ ਲਈ ਉਡਾਣਾਂ ਸ਼ੁਰੂ ਹੋਣ ‘ਚ ਕੁੱਝ ਦੇਰੀ ਦੀ ਸੰਭਾਵਨਾ ਬਣੀ ਹੋਈ ਹੈ। ਅਸਲ ਵਿਚ ਕੈਨੇਡਾ ਨੇ ਅਜੇ ਤਕ ਯਾਤਰਾ ‘ਤੇ ਪਾਬੰਦੀ ‘ਚ ਜ਼ਿਆਦਾ ਛੋਟ ਨਹੀਂ ਦਿਤੀ। ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਵੀ 31 ਜੁਲਾਈ ਤਕ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਵਧਾਈ ਗਈ ਹੈ। ਹਾਲਾਂਕਿ ਭਾਰਤ ਸਰਕਾਰ ਦੀ ਕੈਨੇਡਾ ਨਾਲ ਵੀ ਨਿਰੰਤਰ ਗੱਲ ਚੱਲ ਰਹੀ ਹੈ।

ਕਾਬਲੇਗੌਰ ਹੈ ਕਿ ਯੂਰਪੀ ਸੰਘ ਨੇ 15 ਦੇਸ਼ਾਂ ਲਈ ਕੌਮਾਂਤਰੀ ਉਡਾਣਾਂ ਮੁੜ ਚਾਲੂ ਕਰ ਦਿਤੀਆਂ ਹਨ। ਭਾਵੇਂ ਇਸ ਸੂਚੀ ਵਿਚ ਭਾਰਤ ਦਾ ਨਾਮ ਨਹੀਂ ਹੈ ਪਰ ਇਹ ਸੂਚੀ ਦੋ ਹਫ਼ਤਿਆਂ ਬਾਅਦ ਅਪਡੇਟ ਕੀਤੀ ਜਾਵੇਗੀ, ਜਿਸ ਦੌਰਾਨ ਕੁੱਝ ਦੇਸ਼ਾਂ ਦੇ ਨਾਮ ਸ਼ਾਮਲ ਅਤੇ ਕੁੱਝ ਦੇ ਨਾਮ ਕੱਢੇ ਵੀ ਜਾ ਸਕਦੇ ਹਨ। ਇਸ ਸਮੇਂ ਕੁੱਝ ਯੂਰਪੀ ਦੇਸ਼ ਭਾਰਤ ਅੰਦਰ ਹਵਾਈ ਅੱਡਿਆਂ ‘ਤੇ ਭੀੜ-ਭੜੱਕੇ ਅਤੇ ਇੱਥੇ ਵੱਧ ਕਰੋਨਾ ਮੀਟਰ ਕਾਰਨ ਕੌਮਾਂਤਰੀ ਉਡਾਣਾਂ ਨੂੰ ਇਜਾਜ਼ਤ ਦੇਣ ‘ਚ ਝਿੱਜਕ ਮਹਿਸੂਸ ਕਰ ਰਹੇ ਹਨ।

  • 243
  •  
  •  
  •  
  •