ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਸਮੇਤ 3 ਡੇਰਾ ਕੌਮੀ ਕਮੇਟੀ ਮੈਂਬਰ ਵੀ ਨਾਮਜ਼ਦ

ਬਰਗਾੜੀ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਦੇ ਮਾਮਲੇ ਵਿੱਚ Sit ਨੇ ਜਾਂਚ ਤੇਜ਼ ਕਰ ਦਿੱਤੀ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਆਸ-ਪਾਸ ਦੇ ਖੇਤਰਾਂ ‘ਚ ਸਾਲ 2015 ‘ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਡੇਰਾ ਮੁਖੀ ਸੌਦਾ ਸਾਧ ਨੂੰ ਵੀ 2 ਜੂਨ 2015 ਨੂੰ ਥਾਣਾ ਬਾਜਾਖਾਨਾ ਵਿਖੇ ਦਰਜ ਹੋਈ ਐਫ਼ਆਈਆਰ ਨੰਬਰ 63 ’ਚ ਨਾਮਜ਼ਦ ਕਰ ਲਿਆ ਹੈ। ਇਸ ਤੋਂ ਪਹਿਲਾਂ ਕਤਲ ਅਤੇ ਬਲਾਤਕਾਰ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਪੰਚਕੂਲਾ ਦੀ CBI ਅਦਾਲਤ ਨੇ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ।

ਰਣਬੀਰ ਸਿੰਘ ਖੱਟੜਾ ਪ੍ਰੈਸ ਕਾਨਫਰੰਸ ਦੌਰਾਨ

ਬੇਅਦਬੀ ਕਾਂਡ ਦੀ ਛਾਣਬੀਣ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖੱਟੜਾ ਡੀ. ਆਈ. ਜੀ. ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ 3 ਕੌਮੀ ਕਮੇਟੀ ਮੈਂਬਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ’ਚ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਪੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਨਾਂਅ ਵੀ ਸ਼ਾਮਲ ਹਨ। ਡੀ. ਆਈ. ਜੀ. ਅਨੁਸਾਰ ਉਕਤ 3 ਕਮੇਟੀ ਮੈਂਬਰਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਹੁਣ ਜਦੋਂ ‘ਸਿੱਟ’ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਮਾਮਲੇ ਚ ਨਾਮਜ਼ਦ ਕਰ ਲਿਆ ਹੈ ਤਾਂ ਵਾਰੰਟ ਹਾਸਿਲ ਕਰ ਕੇ ਉਸ ਨੂੰ ਪੰਜਾਬ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕਰੇ ਤਾਂਕਿ ਬੇਅਦਬੀਆਂ ਦਾ ਸੱਚ ਸਾਹਮਣੇ ਆ ਸਕੇ।

ਅਦਾਲਤ ਦੇ ਬਾਹਰ ਡੇਰਾ ਪ੍ਰੇਮੀਆਂ ਤੇ ਸੁਖਬੀਰ ਬਾਦਲ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਿੱਖ ਆਗੂ।

ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਬਣੀ SIT ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ 3 ਜੁਲਾਈ ਨੂੰ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਇਨ੍ਹਾਂ ਚੋਂ 2 ਨੇ ਪਹਿਲਾਂ ਹੀ ਅਦਾਲਤ ਤੋਂ ਅਗਾਊ ਜ਼ਮਾਨਤ ਲਈ ਸੀ। ਜਿਸ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਸਨਿੱਚਰਵਾਰ ਨੂੰ SIT ਨੇ 5 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਸ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ 2 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ। ਹੁਣ ਸੋਮਵਾਰ ਨੂੰ ਜਦੋਂ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ 5 ਮੁਲਜ਼ਮਾਂ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਡੇਰਾ ਪ੍ਰੇਮੀਆਂ ਨੂੰ 14 ਦਿਨ ਦੀ ਜੁ਼ਡੀਸ਼ਲ ਹਿਰਾਸਤ ਵਿੱਚ ਭੇਜ ਦਿੱਤੀ ਗਿਆ।

  • 241
  •  
  •  
  •  
  •