ਕੋਰੋਨਾ ਦੀ ਸ਼ੁਰੂਆਤ ਦਾ ਪਤਾ ਲਾਉਣ ਚੀਨ ਜਾਣਗੇ ਡਬਲਿਊਐੱਚਓ ਦੇ ਮਾਹਿਰ

ਕਰੋਨਾ ਮਹਾਮਾਰੀ ਤੋਂ ਪੂਰੀ ਦੁਨੀਆਂ ਤੰਗ ਆ ਚੁੱਕੀ ਹੈ। ਅਜੇ ਤਕ ਇਸ ਦੇ ਇਲਾਜ ਦੀ ਦਵਾਈ ਤਿਆਰ ਕਰਨ ‘ਚ ਸਫ਼ਲਤਾ ਹਾਸਲ ਨਹੀਂ ਹੋ ਸਕੀ ਹੈ। ਇਥੋਂ ਤਕ ਕਿ ਕਰੋਨਾ ਕਿੱਥੇ ਤੇ ਕਿਵੇਂ ਪੈਦਾ ਹੋਇਆ, ਇਸ ਬਾਰੇ ਵੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਇਕ ਪਾਸੇ ਇਸ ਦੀ ਉਤਪਤੀ ਚੀਨ ਦੇ ਸ਼ਹਿਰ ਵੁਹਾਨ ਤੋਂ ਹੋਈ ਮੰਨੀ ਜਾਂਦੀ ਹੈ ਜਦਕਿ ਚੀਨ ਇਸ ਤੋਂ ਇਨਕਾਰ ਕਰਦਾ ਆ ਰਿਹਾ ਹੈ। ਹੁਣ ਇਸ ਦੇ ਉਤਪਤੀ ਸਥਾਨ ਦੀ ਸਟੀਕ ਜਾਣਕਾਰੀ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਦੁਨੀਆਂ ਭਰ ਦੇ ਜ਼ਿਆਦਾਤਰ ਦੇਸ਼ਾਂ ਦੇ ਦਬਾਅ ਤੋਂ ਬਾਅਦ ਹੁਣ ਵਿਸ਼ਵ ਸਿਹਤ ਸੰਸਥਾ ਦੇ ਮਾਹਰ ਇਸ ਮਕਸਦ ਲਈ ਚੀਨ ਜਾਣ ਵਾਲੇ ਹਨ।

ਸੂਤਰਾਂ ਮੁਤਾਬਤ ਵਿਸ਼ਵ ਸਿਹਤ ਸੰਸਥਾ ਦੇ ਮਾਹਿਰ ਕੋਰੋਨਾ ਵਾਇਰਸ ਦੇ ਉਤਪਤੀ ਸਥਾਨ ਦੀ ਜਾਣਕਾਰੀ ਦੁਨੀਆਂ ਸਾਹਮਣੇ ਲਿਆਉਣ ਦੀ ਵੱਡੀ ਮੁਹਿੰਮ ਤਹਿਤ ਅਗਲੇ ਦੋ ਦਿਨਾਂ ਲਈ ਚੀਨ ਦੀ ਰਾਜਧਾਨੀ ਬੀਜਿੰਗ ਜਾਣਗੇ। ਇਹ ਮਾਹਿਰ ਉਥੇ ਦੋ ਦਿਨ ਲਈ ਠਹਿਰਣਗੇ। ਸੰਯੁਕਤ ਰਾਸ਼ਟਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਇਕ ਪਸ਼ੂ ਸਿਹਤ ਮਾਹਰ ਅਤੇ ਇਕ ਮਹਾਮਾਰੀ ਵਿਗਿਆਨੀ ਅਪਣੀ ਚੀਨ ਯਾਤਰਾ ਦੌਰਾਨ ਭਵਿੱਖ ਦੇ ਅਭਿਆਨ ਲਈ ਕੰਮ ਕਰਨਗੇ। ਇਸ ਮੁਹਿੰਮ ਦਾ ਅਸਲ ਮਕਸਦ ਇਸ ਵੀਸ਼ਾਣੂ ਦੇ ਪਸ਼ੂਆਂ ਤੋਂ ਮਨੁੱਖਾਂ ਤਕ ਫ਼ੈਲਣ ਦੀ ਜਾਣਕਾਰੀ ਹਾਸਲ ਕਰਨਾ ਹੈ।
ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਹ ਵਿਸ਼ਾਣੂ ਚੱਮਗਿੱਦੜਾਂ ਤੋਂ ਪੈਦਾ ਹੋਇਆ ਅਤੇ ਫਿਰ ਕਸਤੂਰੀ ਬਿਲਾਵ ਜਾਂ ਪੈਂਗੋਲਿਨ ਵਰਗੇ ਹੋਰ ਸਤਨਧਾਰੀ ਜੀਵਾਂ ਅੰਦਰ ਫੈਲਿਆ ਹੈ। ਇਸ ਤੋਂ ਬਾਅਦ ਇਸ ਨੇ ਪਿਛਲੇ ਸਾਲ ਦੇ ਅਖ਼ੀਰ ਵਿਚ ਚੀਨ ਦੇ ਸ਼ਹਿਰ ਵੁਹਾਨ ਵਿਚਲੀ ਮੀਟ ਮਾਰਕੀਟ ‘ਚੋਂ ਮਨੁੱਖਾਂ ਅੰਦਰ ਪ੍ਰਵੇਸ਼ ਕੀਤਾ ਹੈ, ਜਿੱਥੋਂ ਅੱਗੇ ਇਹ ਦੁਨੀਆਂ ਭਰ ਅੰਦਰ ਫ਼ੈਲਿਆ ਹੈ।

ਵਿਸ਼ਵ ਸਿਹਤ ਸੰਸਥਾ ਦੀ ਇਹ ਮੁਹਿੰਮ ਉਸ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਸੰਸਥਾ ਨੂੰ ਸਭ ਤੋਂ ਵਧੇਰੇ ਫ਼ੰਡ ਮੁਹੱਈਆ ਕਰਵਾਉਣ ਵਾਲਾ ਅਮਰੀਕਾ ਉਸ ‘ਤੇ ਚੀਨ ਪੱਖੀ ਹੋਣ ਦਾ ਇਲਜ਼ਾਮ ਲਾਉਂਦਿਆਂ ਫ਼ੰਡਾਂ ‘ਚ ਕਟੌਤੀ ਦੀ ਧਮਕੀ ਦੇ ਚੁੱਕਾ ਹੈ।
ਦੋ ਮਹੀਨੇ ਪਹਿਲਾਂ 120 ਤੋਂ ਵਧੇਰੇ ਦੇਸ਼ਾਂ ਨੇ ਕਰੋਨਾ ਵਾਇਰਸ ਦੇ ਉਤਪਤੀ ਸਥਾਨ ਦੀ ਜਾਣਕਾਰੀ ਦੁਨੀਆਂ ਸਾਹਮਣੇ ਲਿਆਉਣ ਦੀ ਮੰਗ ਕੀਤੀ ਸੀ। ਦੂਜੇ ਪਾਸੇ ਚੀਨ ਦਾ ਕਹਿਣਾ ਸੀ ਕਿ ਇਸ ਦੀ ਜਾਂਚ ਦੀ ਅਗਵਾਈ ਡਬਲਿਊ.ਐਚ.ਓ. ਨੂੰ ਕਰਨੀ ਚਾਹੀਦੀ ਹੈ ਅਤੇ ਇਸ ਲਈ ਮਹਾਮਾਰੀ ਦੇ ਕਾਬੂ ਹੇਠ ਆਉਣ ਤਕ ਦਾ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਹੈ।

  •  
  •  
  •  
  •  
  •