ਕੋਰੋਨਾ: ਭਾਰਤ ‘ਚ ਰਿਕਾਰਡ 27,114 ਨਵੇਂ ਮਾਮਲੇ, ਕੁੱਲ ਗਿਣਤੀ ਅੱਠ ਲੱਖ ਤੋਂ ਪਾਰ

ਕੋਰੋਨਾ ਹੁਣ ਦੁਨੀਆ ਭਰ ਦੇ ਸਾਰੇ ਦੇਸ਼ਾਂ ਵਿਚ ਫੈਲ ਚੁੱਕਾ ਹੈ। ਭਾਰਤ ਵਿਚ ਵੀ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ ਦਾ ਸਾਹਮਣੇ ਆਉਣਾ ਜਾਰੀ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 8 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 22 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 5 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 27,114 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 519 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 8,20,916 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 22,123 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 5,15,386 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 2,83,407 ਹੋ ਗਈ ਹੈ।

ਕੋਰੋਨਾ ਨਾਲ ਸਭ ਤੋਂ ਵਧੇਰੇ ਮਹਾਰਾਸ਼ਟਰ ਸੂਬਾ ਪ੍ਰਭਾਵਿਤ ਹੋਇਆ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ 7,862 ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਪੀੜਤਾਂ ਦਾ ਅੰਕੜਾਂ 2,38,461 ‘ਤੇ ਪਹੁੰਚ ਗਿਆ ਹੈ। ਸੂਬੇ ਵਿਚ ਇਸ ਸਮੇਂ ਦੌਰਾਨ 226 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9,893 ਪੁੱਜ ਗਈ ਹੈ। ਉੱਥੇ ਹੀ 1,32,625 ਲੋਕ ਰੋਗ ਮੁਕਤ ਹੋਏ ਹਨ। ਵਾਇਰਸ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਤਾਮਿਲਨਾਡੂ ਹੈ, ਜਿੱਥੇ ਪੀੜਤਾਂ ਦੀ ਗਿਣਤੀ ਸਵਾ ਲੱਖ ਦੇ ਪਾਰ ਹੋ ਗਈ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ ਮਾਮਲੇ 3,680 ਤੋਂ ਵੱਧ ਕੇ 1,30,261 ‘ਤੇ ਪੁੱਜ ਗਈ ਹੈ। ਇਸ ਸਮੇਂ ਦੌਰਾਨ 64 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 1829 ਹੋ ਗਈ ਹੈ। ਸੂਬੇ ਵਿਚ 82,324 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ‘ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

  • 52
  •  
  •  
  •  
  •