ਪੰਜਾਬ ‘ਚ ਟਿੱਡੀ ਦਲ ਦੇ ਹਮਲੇ ਦਾ ਡਰ, ਚਾਰ ਜ਼ਿਲ੍ਹਿਆਂ ਵਿਚ ਹਾਈ ਅਲਰਟ

ਭਾਰਤ ‘ਚ ਲਗਾਤਾਰ ਟਿੱਡੀ ਦਲ ਦਾ ਖਤਰਾ ਬਣਿਆ ਹੋਇਆ ਹੈ। ਦੇਸ਼ ਦੇ ਹੋਰਨਾ ਸੂਬਿਆ ‘ਚ ਨੁਕਸਾਨ ਕਰਨ ਤੋ ਬਾਅਦ ਰਾਜਸਥਾਨ ਅਤੇ ਹਰਿਆਣਾ ਦੇ ਸਿਰਸਾ ਤੋਂ ਪੰਜਾਬ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਟਿੱਡੀ ਦਲ ਦਾ ਹਮਲਾ ਕਿਸੇ ਸਮੇਂ ਵੀ ਹੋ ਸਕਦਾ ਹੈ, ਜਿਸ ਸਬੰਧੀ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਦੇ ਕਾਹਨ ਸਿੰਘ ਪੰਨੂ ਵੱਲੋਂ ਇੱਕ ਪੱਤਰ ਜਾਰੀ ਕਰਕੇ ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਨੂੰ ਚੌਕਸ ਕੀਤਾ ਗਿਆ ਹੈ ਅਤੇ ਜ਼ਿਲ੍ਹੇ ਅੰਦਰ ਗਠਿਤ ਕੀਤੀਆਂ ਟੀਮਾਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਕਾਹਨ ਸਿੰਘ ਪੰਨੂ ਨੇ ਛੁੱਟੀ ਵਾਲੇ ਦਿਨ ਵੀ ਅਧਿਕਾਰੀਆਂ ਨੂੰ ਦਫ਼ਤਰਾਂ ‘ਚ ਮੌਜੂਦ ਰਹਿਣ ਲਈ ਕਿਹਾ ਹੈ। ਇਸ ਬਾਰੇ ਸੰਗਰੂਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਹਵਾ ਦੀ ਦਿਸ਼ਾ ਅਤੇ ਉਕਤ ਜ਼ਿਲ੍ਹਿਆਂ ਦੀ ਹੱਦ ਹਰਿਆਣਾ ਨਾਲ ਲੱਗਣ ਕਾਰਨ ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਮਹਿਕਮੇ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ।

ਪੰਜਾਬ ਦੇ ਗੁਆਂਢੀ ਸੂਬਿਆਂ ਰਾਜਸਥਾਨ ਅਤੇ ਹਰਿਆਣਾ ‘ਚ ਇਸ ਟਿੱਡੀ ਦਲ ਨੇ ਕਾਫੀ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਨੂੰ ਮੁੱਖ ਰੱਖਦਿਆਂ 4 ਜ਼ਿਲ੍ਹਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਤਾਂ ਜੋ ਟਿੱਡੀ ਦਲ ਦੇ ਅਜਿਹੇ ਕਿਸੇ ਵੀ ਸੰਭਾਵਿਤ ਹਮਲੇ ‘ਤੇ ਕਾਬੂ ਪਾਇਆ ਜਾ ਸਕੇ ਅਤੇ ਫਸਲਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਇਸ ਬਾਰੇ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਟਿੱਡੀ ਦਲ ਦੇ ਆਉਣ/ਦਿਸਣ ਜਾਂ ਬੈਠਣ ਵਾਲੀ ਥਾਂ ਦੀ ਜਾਣਕਾਰੀ ਤੁਰੰਤ ਖੇਤੀਬਾੜੀ ਮਹਿਕਮੇ ਨੂੰ ਦਿੱਤੀ ਜਾਵੇ ਅਤੇ ਪੀਪੇ ਖੜਕਾ ਕੇ ਅਤੇ ਉੱਚੀ ਆਵਾਜ਼ ‘ਚ ਸਾਊਂਡ ਸਿਸਟਮ ਨਾਲ ਟਿੱਡੀਆਂ ਨੂੰ ਫਸਲਾਂ ਤੋਂ ਬੈਠਣ ਤੋਂ ਰੋਕਿਆ ਜਾਵੇ।

  • 71
  •  
  •  
  •  
  •