ਪੰਜਾਬ ਪੁਲਿਸ ਜਾਣਬੁੱਝ ਕੇ ਯੂਏਪੀਏ ਕਾਨੂੰਨ ਤਹਿਤ ਨੌਜਵਾਨਾਂ ਨੂੰ ਬਣਾ ਰਹੀ ਹੈ ਨਿਸ਼ਾਨਾ: ਖਹਿਰਾ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਯੂਏਪੀਏ ਕਾਨੂੰਨ ਤਹਿਤ ਪੰਜਾਬ ਦੇ ਬੇਰੁਜਗਾਰ ਅਤੇ ਦਲਿਤ ਤਬਕੇ ਦੇ ਨੌਜਵਾਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਜੇਲਾਂ ਵਿਚ ਸੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤਾ।

ਉਹ ਸਮਾਣਾ ਦੇ ਨੇੜਲੇ ਪਿੰਡ ਸ਼ਾਦੀਪੁਰ ਵਿਖੇ ਲਵਪ੍ਰੀਤ ਸਿੰਘ ਉਰਫ਼ ਰਾਜਕੁਮਾਰ ਜਿਸਨੂੰ ਸਮਾਣਾ ਪੁਲਿਸ ਨੇ ਪਿਛਲੇ ਦਿਨੀਂ ਯੂਏਪੀਏ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਹੈ, ਦੇ ਘਰ ਉਸ ਦੇ ਮਾਤਾ-ਪਿਤਾ ਨੂੰ ਮਿਲਣ ਆਏ ਸਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੂਬਾ ਜਰਨਲ ਸਕੱਤਰ ਰਛਪਾਲ ਸਿੰਘ ਜੌੜਾਮਾਜਰਾ , ਭਦੋੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਹਾਜ਼ਰ ਸਨ।

ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਇਸ ਜਾਲਿਮ ਕਾਨੂੰਨ ਤਹਿਤ 16 ਮਾਮਲੇ ਦਰਜ਼ ਕਰਕੇ ਵੱਡੀ ਗਿਣਤੀ ਵਿਚ ਅਜਿਹੇ ਬੇਰੁਜ਼ਗਾਰ ਤੇ ਦਲਿਤ ਨੌਜਵਾਨਾਂ ਨੂੰ ਜੇਲਾਂ ਅੰਦਰ ਸੜਨ ਲਈ ਭੇਜ ਦਿਤਾ ਹੈ ਜਿਨ੍ਹਾਂ ਦੇ ਪਰਵਾਰਾਂ ਦੀ ਵਿਤੀ ਹਾਲਤ ਅਜਿਹੀ ਵੀ ਨਹੀਂ ਕਿ ਉਹ ਉਨ੍ਹਾਂ ਨੂੰ ਬਚਾਉਣ ਲਈ ਵਕੀਲ ਹੀ ਖੜਾ ਕਰ ਸਕਣ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਸਭ ਕੁੱਝ ਇਕ ਸਾਜਸ਼ ਤਹਿਤ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਮਾਣਾ ਪੁਲਿਸ ਵਲੋਂ ਇਸੇ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ 18-20 ਸਾਲ ਦੀ ਉਮਰ ਦੇ ਹਨ ਜਿਨ੍ਹਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਉਨ੍ਹਾਂ ਨੂੰ ਨਾਕਿਆਂ ਤੋਂ ਫੜੇ ਦਿਖਾ ਦਿਤਾ ਹੈ ਤੇ ਉਨ੍ਹਾਂ ਤੇ ਰਿਵਾਲਵਰ ਵੀ ਪਾ ਦਿਤੇ ਹਨ। ਇਸ ਤਰ੍ਹਾਂ ਪੰਜਾਬ ਪੁਲਿਸ ਗ਼ਰੀਬ ਤੇ ਦਲਿਤ ਪਰਵਾਰਾਂ ਨਾਲ ਨਾ ਕੇਵਲ ਧੋਖਾ ਕਰ ਰਹੀ ਹੈ ਬਲਕਿ ਇਨਸਾਨੀਅਤ ਦਾ ਵੀ ਗਲਾ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਨੌਜਵਾਨਾਂ ਨਾਲ ਖੜੀ ਹੈ ਤੇ ਜ਼ਰੂਰਤ ਪੈਣ ’ਤੇ ਇਨ੍ਹਾਂ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।

  • 196
  •  
  •  
  •  
  •