ਭਾਰਤ ‘ਚ 166 ਦਿਨਾਂ ਅੰਦਰ ਕੋਰੋਨਾ ਨੇ 9 ਲੱਖ ਦਾ ਅੰਕੜਾ ਕੀਤਾ ਪਾਰ

ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 9 ਲੱਖ ਤੋਂ ਪਾਰ ਪਹੁੰਚ ਚੁੱਕੇ ਹਨ। ਭਾਰਤ ਨੇ ਵਾਇਰਸ ਫੈਲਣ ਦੇ 166 ਦਿਨਾਂ ਵਿਚ 9 ਲੱਖ ਮਾਮਲਿਆਂ ਦਾ ਅੰਕੜਾ ਪਾਰ ਕਰ ਲਿਆ ਹੈ। ਮੰਗਲਵਾਰ ਤੱਕ ਇਕ ਦਿਨ ਵਿਚ 28,498 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 9,06,752 ਹੋ ਗਈ ਹੈ।

ਪਿਛਲੇ 24 ਘੰਟਿਆਂ ਵਿਚ 553 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਹੁਣ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ ਵਧ ਕੇ 23,727 ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 5,71,460 ਲੋਕ ਇਸ ਵਾਇਰਸ ਨਾਲ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਫਿਲਹਾਲ ਰਿਕਵਰੀ ਰੇਟ 63.02 ਫੀਸਦੀ ਚੱਲ ਰਿਹਾ ਹੈ। ਦੱਸ ਦਈਏ ਕਿ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ। ਹਰ ਦਿਨ ਦੋ ਲੱਖ ਦੇ ਕਰੀਬ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਰਹੀ ਹੈ।
ਦੁਨੀਆ ਵਿਚ ਪਿਛਲੇ 24 ਘੰਟਿਆਂ ਵਿਚ 1.95 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 3,727 ਲੋਕਾਂ ਦੀ ਮੌਤ ਹੋ ਗਈ। ਵਰਲਡਮੀਟਰ ਮੁਤਾਬਕ ਦੁਨੀਆ ਵਿਚ ਇੱਕ ਕਰੋੜ 32 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋਏ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 74 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।

ਰਾਹਤ ਦੀ ਖ਼ਬਰ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਤੱਕ 76 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ‘ਚੋਂ ਉਭਰ ਚੁੱਕੇ ਹਨ। ਦੁਨੀਆ ਭਰ ਵਿਚ ਹਾਲੇ ਵੀ 49 ਲੱਖ 62 ਹਜ਼ਾਰ ਐਕਟਿਵ ਕੇਸ ਹਨ ਅਤੇ ਇਹਨਾਂ ਮਰੀਜਾਂ ਦਾ ਇਲਾਜ ਜਾਰੀ ਹੈ।
ਅਮਰੀਕਾ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ। ਇੱਥੋਂ ਤੱਕ ਕਿ 34 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਜਦਕਿ ਇਕ ਲੱਖ 38 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਬ੍ਰਾਜ਼ੀਲ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਬ੍ਰਾਜ਼ੀਲ ਵਿਚ 18 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਨਾਲ ਪੀੜਤ ਹਨ। ਬ੍ਰਾਜ਼ੀਲ ਤੋਂ ਬਾਅਦ ਭਾਰਤ ਅਤੇ ਰੂਸ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।

  • 83
  •  
  •  
  •  
  •