ਦਾਦੂਵਾਲ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਣੇ

ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਹਰਿਆਣਾ ਸਰਕਾਰ ਵੱਲੋਂ ਵਿਧਾਨ ਸਭਾ ‘ਚ ਬਿੱਲ ਪਾਸ ਕਰਕੇ ਹੋਂਦ ‘ਚ ਲਿਆਂਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ 13 ਜੁਲਾਈ ਨੂੰ ਕਮੇਟੀ ਦੇ ਮੁੱਖ ਦਫ਼ਤਰ ਗੁ. ਸਾਹਿਬ ਪਾਤਿਸ਼ਾਹੀ ਪਹਿਲੀ ਅਤੇ ਛੇਵੀਂ ਚੀਕਾ ਵਿਖੇ ਕੀਤੀ ਗਈ, ਜਿਸ ‘ਚ ਹਰਿਆਣਾ ਕਮੇਟੀ ਦੇ ਜਨਰਲ ਹਾਊਸ ਦੇ 23 ਮੈਂਬਰ ਹਾਜ਼ਰ ਸਨ। ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਪਿਛਲੇ ਸਮੇਂ ਸਿਹਤ ਠੀਕ ਨਾ ਹੋਣ ਕਾਰਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਅੱਜ ਦੇ ਜਨਰਲ ਹਾਊਸ ਨੇ ਸਾਰੀ ਕਾਰਜਕਾਰਨੀ ਦਾ ਪ੍ਰਧਾਨ ਸਮੇਤ ਅਸਤੀਫ਼ਾ ਪ੍ਰਵਾਨ ਕੀਤਾ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਸਰਬਸੰਮਤੀ ਨਾਲ ਗੁ. ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ।

ਦਾਦੂਵਾਲ ਨੇ ਕਮੇਟੀ ਦੀ ਸਮੁੱਚੀ ਕਾਰਜਕਰਨੀ ਦੀ ਚੋਣ ਲਈ 13 ਅਗਸਤ ਦਾ ਸਮਾਂ ਦਿੱਤਾ, ਜਿਸ ਦੌਰਾਨ 7 ਅਗਸਤ ਤੱਕ ਸਾਰੇ ਮੈਂਬਰ ਆਪਣਾ ਨਾਮੀਨੇਸ਼ਨ ਫਾਰਮ ਭਰ ਸਕਦੇ ਹਨ ਅਤੇ 9 ਅਗਸਤ ਤੱਕ ਨਾਂ ਵਾਪਸ ਲਏ ਜਾ ਸਕਦੇ ਹਨ। ਦਾਦੂਵਾਲ ਵੱਲੋਂ ਇਹ ਸਾਰੀ ਕਾਰਜਕਾਰਨੀ ਦੀ ਚੋਣ ਕਰਵਾਉਣ ਲਈ ਕਮੇਟੀ ਦੇ ਸੈਕਟਰੀ ਦਰਸ਼ਨ ਸਿੰਘ ਬੁਰਾੜੀ ਨੂੰ ਨਿਯੁਕਤ ਕੀਤਾ ਗਿਆ।

ਉਧਰ ਹਰਿਆਣਾ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਨ ‘ਤੇ ਯੂਨਾਈਟਿਡ ਅਕਾਲੀ ਦਲ ਵਲੋਂ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਜਥੇਦਾਰ ਦਾਦੂਵਾਲ ਨੇ ਐਲਾਨ ਕੀਤਾ ਕਿ ਉਹ ਇਮਾਨਦਾਰੀ ਨਾਲ ਗੁਰੂਧਾਮਾਂ ਦੀ ਸੇਵਾ ਕਰਨਗੇ।

  • 213
  •  
  •  
  •  
  •