ਨਿਰਪੱਖ ਜਾਂਚ ‘ਚ ਰਾਮ ਰਹੀਮ, ਸੈਣੀ ਤੇ ਸੁਖਬੀਰ ਬਾਦਲ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀ ਸਾਬਤ ਹੋਣਗੇ: ਭਾਈ ਮਾਝੀ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਸਿਟ ਦੀ ਚਾਰਜਸ਼ੀਟ ਵਿੱਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਹੈ ਕਿ ਜਦੋਂ ਮਾਰਚ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲ਼ਾ ਵਿਖੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਦੀਵਾਨ ਲਗਾਏ ਤਾਂ ਵੱਡੀ ਗਿਣਤੀ ‘ਚ ਡੇਰਾ ਸਮਰਥਕਾਂ ਨੇ ਆਪਣੇ ਗਲ਼ਾਂ ਵਿੱਚ ਪਾਏ ਸੌਦਾ ਸਾਧ ਦੇ ਲੌਕਟ ਤੋੜ ਕੇ ਸੁੱਟ ਦਿੱਤੇ । ਵਰਨਣਯੋਗ ਹੈ ਕਿ ਭਾਈ ਮਾਝੀ ਪਿਛਲੇ ਲੰਬੇ ਸਮੇਂ ਤੋਂ ਮਾਲਵਾ ਖੇਤਰ ‘ਚ ਜ਼ੋਰ-ਸ਼ੋਰ ਨਾਲ਼ ਗੁਰਬਾਣੀ ਪ੍ਰਚਾਰ ਲਈ ਸਰਗਰਮ ਸਨ।

ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਗੁਰਬਾਣੀ, ਵਿਲੱਖਣ ਸਿੱਖ ਇਤਿਹਾਸ ਤੇ ਅਮੀਰ ਸਿੱਖ ਸੱਭਿਆਚਾਰ ਦੇ ਹੋ ਰਹੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਦੋਂ ਡੇਰਾ ਪ੍ਰੇਮੀ ਡੇਰਾ ਛੱਡ ਰਹੇ ਸਨ ਤਾਂ ਉਹਨੀਂ ਦਿਨੀ ਡੇਰਾ ਪ੍ਰਬੰਧਕਾਂ ਦੇ ਨਾਲ਼-ਨਾਲ਼ ਸੂਬੇ ਦੀ ਪੁਲਿਸ ਵੀ ਚਿੰਤਤ ਦਿਖਾਈ ਦਿੱਤੀ ਉਹਨਾਂ ਦੱਸਿਆ ਕਿ ਉਹਨੀ ਦਿਨੀਂ ਪੁਲਿਸ ਵੱਲੋਂ ਇੱਕ ਪਾਸੇ ਸੌਦਾ ਸਾਧ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਕੀਤੀ ਜਾਂਦੀ ਰਹੀ ਤੇ ਦੂਜੇ ਪਾਸੇ ਉਹਨਾਂ ਦੇ ਦੀਵਾਨ ਬੰਦ ਕਰਵਾਉਣ ਲਈ ਦਬਕੇ ਤੱਕ ਮਾਰੇ ਗਏ ।
ਉਹਨਾਂ 2015 ਦੀ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਧਮਕਾਉਣ ਦੀ ਵਾਇਰਲ ਵੀਡੀਓ ਦਾ ਜ਼ਿਕਰ ਕਰਦਿਆਂ ਦੱਸਿਆ ਪ੍ਰਦੀਪ ਸਿੰਘ ਨੇ ਉਹਨਾਂ ਨੂੰ ਧਮਕੀ ਦਿੰਦੇ ਕਿਹਾ ਸੀ ਕਿ ਉਹ ਮੁੜ ਇਸ ਇਲਾਕੇ ਵਿਚ ਨਾ ਆਉਣ। ਯਾਦ ਰਹੇ ਕਿ ਉਕਤ ਥਾਣੇਦਾਰ ਹੁਣ ਕੋਟਕਪੂਰਾ ਗੋਲ਼ੀਕਾਂਡ ਵਿੱਚ ਵੀ ਦੋਸ਼ੀ ਵਜੋਂ ਨਾਮਜਦ ਹੈ ।

ਭਾਈ ਮਾਝੀ ਦਾ ਕਹਿਣਾ ਹੈ ਕਿ ਜੇਕਰ ਸਿੱਟ ਨੂੰ ਬਿਨਾਂ ਦਬਾਅ ਦੇ ਕੰਮ ਕਰਨ ਦਿੱਤਾ ਜਾਵੇ ਤਾਂ ਬੇਅਦਬੀ ਘਟਨਾਕ੍ਰਮ ਦੇ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਕੋਟਕਪੂਰਾ-ਬਹਿਬਲ ਗੋਲ਼ੀ ਕਾਂਡ ਦੇ ਮਾਸਟਰਮਾਈਂਡ ਸੁਮੇਧ ਸੈਣੀ ਤੇ ਸੁਖਬੀਰ ਬਾਦਲ ਸਾਬਤ ਹੋਣਗੇ।ਹੈਰਾਨਗੀ ਵਾਲ਼ੀ ਗੱਲ ਹੈ ਕਿ ਭਾਵੇਂ ਤਾਜ਼ਾ ਚਾਰਜਸ਼ੀਟ ਵਿੱਚ ਜ਼ਿਕਰ ਹੈ ਕਿ ਸਿੱਖ ਪ੍ਰਚਾਰਕਾਂ ਖਾਸ ਕਰ ਭਾਈ ਮਾਝੀ ਦੇ ਪ੍ਰਚਾਰ ਕਰਕੇ ਡੇਰਾ ਪ੍ਰੇਮੀ ਡੇਰੇ ਨਾਲ਼ੋਂ ਟੁੱਟ ਰਹੇ ਸਨ, ਜਿਸ ਕਰਕੇ ਡੇਰਾ ਆਗੂ ਉਹਨਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ, ਇਸ ਦੇ ਬਾਵਜੂਦ ਸੂਬਾ ਪੁਲਿਸ ਵੱਲੋਂ ਅੱਜ ਤੱਕ ਉਹਨਾਂ ਦੀ ਸੁਰੱਖਿਆ ਸਬੰਧੀ ਕੋਈ ਚਾਰਾ ਨਹੀਂ ਕੀਤਾ ਗਿਆ ਇਸ ਸਬੰਧੀ ਨਾ ਤਾਂ ਸਿੱਟ ਵੱਲੋਂ ਹੀ ਸੁਰੱਖਿਆ ਦੇਣ ਦੀ ਕੋਈ ਸਿਫਾਰਿਸ਼ ਕੀਤੀ ਗਈ ਅਤੇ ਨਾ ਹੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਹੀ ਭਾਈ ਮਾਝੀ ਨਾਲ਼ ਸੁਰੱਖਿਆ ਸਬੰਧੀ ਕੋਈ ਕਾਰਵਾਈ ਕੀਤੀ ਗਈ ਹੈ ।

  • 313
  •  
  •  
  •  
  •