ਕੋਰੋਨਾ: ਪੰਜਾਬ ‘ਚ ਦਸ ਹਜ਼ਾਰ ਅਤੇ ਭਾਰਤ ਵਿਚ ਗਿਆਰਾਂ ਲੱਖ ਤੋਂ ਪਾਰ ਹੋਏ ਮਾਮਲੇ, ਇੱਕ ਦਿਨ ਅੰਦਰ ਹੀ 40 ਹਜ਼ਾਰ ਨਵੇਂ ਕੇਸ

ਭਾਰਤ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਦੇਸ਼ ‘ਚ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਰਿਕਾਰਡ 40 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 11 ਲੱਖ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਇਸ ਦੌਰਾਨ ਵਾਇਰਸ ਨਾਲ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 24 ਘੰਟਿਆਂ ‘ਚ 22,663 ਲੋਕ ਠੀਕ ਹੋਏ ਹਨ। ਭਾਰਤ ‘ਚ ਸਿਰਫ਼ ਤਿੰਨ ਦਿਨ ਦੇ ਅੰਦਰ ਹੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ 11 ਲੱਖ ਪਹੁੰਚ ਗਈ ਹੈ। ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ 30 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ।

ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 40,425 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਰਿਕਾਰਡ 681 ਲੋਕਾਂ ਦੀ ਮੌਤ ਹੋਈ ਹੈ। ਦੇਸ਼ ‘ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 11 ਲੱਖ 18 ਹਜ਼ਾਰ 43 ਹੋ ਗਈ ਹੈ। ਇਸ ‘ਚ 7 ਲੱਖ 87 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ ਸਰਗਰਮ ਮਰੀਜ਼ਾਂ ਦੀ ਗਿਣਤੀ 3 ਲੱਖ 90 ਹਜ਼ਾਰ 459 ਰਹਿ ਗਈ ਹੈ।

ਕੋਰੋਨਾ ਦੇ ਸਭ ਤੋਂ ਜ਼ਿਆਦਾ ਐਕਟਿਵ ਮਾਮਲੇ ਮਹਾਰਾਸ਼ਟਰ ਵਿਚ ਹਨ। ਮਹਾਰਾਸ਼ਟਰ ਵਿਚ ਇਕ ਲੱਖ ਤੋਂ ਜ਼ਿਆਦਾ ਪੀੜ੍ਹਤ ਮਰੀਜਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਤਮਿਲਨਾਡੂ, ਤੀਜੇ ਨੰਬਰ ‘ਤੇ ਕਰਨਾਟਕ, ਚੌਥੇ ਨੰਬਰ ‘ਤੇ ਆਂਧਰਾ ਪ੍ਰਦੇਸ਼ ਅਤੇ ਪੰਜਵੇਂ ਨੰਬਰ ‘ਤੇ ਦਿੱਲੀ ਹੈ। ਇਹਨਾਂ ਪੰਜ ਸੂਬਿਆਂ ਵਿਚ ਸਭ ਤੋਂ ਜ਼ਿਆਦਾ ਐਕਟਿਵ ਮਾਮਲੇ ਹਨ। ਐਕਟਿਵ ਮਾਮਲਿਆਂ ਵਿਚ ਦੁਨੀਆ ਭਰ ਵਿਚ ਭਾਰਤ ਦਾ ਚੌਥਾ ਸਥਾਨ ਹੈ।
ਇਸ ਦੇ ਨਾਲ ਹੀ ਪੰਜਾਬ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ। ਇਨ੍ਹਾਂ ‘ਚੋਂ 3,396 ਐਕਟਿਵ ਕੇਸ ਹਨ ਤੇ 6,535 ਠੀਕ ਹੋ ਚੁੱਕੇ ਹਨ ਜਦਕਿ 250 ਦੀ ਮੌਤ ਹੋ ਚੁੱਕੀ ਹੈ। ਪਹਿਲਾ ਚਾਰ ਮਹੀਨਿਆਂ ‘ਚ ਮਰੀਜ਼ਾਂ ਦਾ ਅੰਕੜਾ ਪੰਜ ਹਜ਼ਾਰ ‘ਤੇ ਪਹੁੰਚਿਆ ਜਦਕਿ ਪੰਜ ਤੋਂ ਦਸ ਹਜ਼ਾਰ ਹੋਣ ‘ਚ ਸਿਰਫ਼ 15-16 ਦਿਨ ਲੱਗੇ।

  •  
  •  
  •  
  •  
  •