ਰਾਮ ਰਹੀਮ ਨੇ ਆਪਣੇ ਬੰਦੇ ਭੇਜ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ: ਦਾਦੂਵਾਲ

ਸਾਲ 2008 ਦੌਰਾਨ ਡੱਬਵਾਲੀ ’ਚ ਡੇਰਾ ਪੈਰੋਕਾਰਾਂ ਤੇ ਸਿੱਖਾਂ ਦਰਮਿਆਨ ਵਿਵਾਦ ’ਚ ਸ਼ਹੀਦ ਹੋਏ ਹਰਮੰਦਰ ਸਿੰਘ ਦੀ 12ਵੀਂ ਬਰਸੀ ਅੱਜ ਇਥੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਮਨਾਈ ਗਈ। ਇਸ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਡੇਰਾ ਮੁਖੀ ਨੇ ਸਾਲ 2008 ’ਚ ਇੱਕ ਪੈਰੋਕਾਰ ‘ਬਾਕਸਰ’ ਕੋਲੋਂ ਉਸ ਦੀ ਹੱਤਿਆ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

ਜਾਣਕਾਰੀ ਅਨੁਸਾਰ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ’ਚ ਪੇਸ਼ ਕੀਤੇ ਚਲਾਨ ਵਿੱਚ ਵੀ ਜਥੇਦਾਰ ਦਾਦੂਵਾਲ ਦੀ ਹੱਤਿਆ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਗਿਆ ਹੈ। ਜਥੇਦਾਰ ਦਾਦੂਵਾਲ ਨੇ ਆਖਿਆ ਕਿ ਇਹ ਘਟਨਾ (18 ਜੁਲਾਈ 2008) ਹਰਮੰਦਰ ਸਿੰਘ ਖਾਲਸਾ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਦੀ ਹੈ। ਉਨ੍ਹਾਂ ਆਖਿਆ ਕਿ ਜਦੋਂ ਹਰਮੰਦਰ ਸਿੰਘ ਦੀ ਮ੍ਰਿਤਕ ਦੇਹ ਗੁਰਦੁਆਰਾ ਬਾਬਾ ਵਿਸ਼ਵਕਰਮਾ ਦੀ ਧਰਮਸ਼ਾਲਾ ਦੇ ਹਾਲ ਵਿੱਚ ਰੱਖੀ ਹੋਈ ਸੀ ਤਾਂ ਉਦੋਂ ਡੇਰਾ ਮੁਖੀ ਨੇ ਉੱਤਰ ਪ੍ਰਦੇਸ਼ ਨਾਲ ਸਬੰਧਤ ਆਪਣੇ ਕਰੀਬੀ ਪੈਰੋਕਾਰ ਬਾਕਸਰ ਅਤੇ ਉਸ ਦੇ ਭਰਾ ਨੂੰ ਪਿਸਤੌਲ ਦੇ ਕੇ ਮੇਰੀ ਹੱਤਿਆ ਕਰਨ ਲਈ ਭੇਜਿਆ ਸੀ। ਉਸ ਵੇਲੇ ਗੁਰੂ ਘਰ ਵਿੱਚ ਸੰਗਤ ਜ਼ਿਆਦਾ ਹੋਣ ਕਾਰਨ ਮੁਲਜ਼ਮਾਂ ਦੀ ਉਨ੍ਹਾਂ ’ਤੇ ਹਮਲਾ ਕਰਨ ਦੀ ਹਿੰਮਤ ਨਹੀਂ ਸੀ ਪਈ ਤੇ ਉਹ ਪਰਤ ਗਏ ਸਨ।

ਜਥੇਦਾਰ ਦਾਦੂਵਾਲ ਅਨੁਸਾਰ ਇਹ ਗੱਲ ਬਾਕਸਰ ਅਤੇ ਉਸ ਦੇ ਭਰਾ ਨੇ ਡੇਰਾ ਮੁਖੀ ਦੀ ਘਿਨਾਉਣੀ ਹਕੀਕਤ ਨੂੰ ਪਛਾਣਨ ਮਗਰੋਂ ਖੁਦ ਉਨ੍ਹਾਂ ਕੋਲ ਆ ਕੇ ਕਬੂਲੀ ਸੀ। ਅੱਜ-ਕੱਲ੍ਹ ਇਹ ਬਾਕਸਰ ਟਰਾਈਸਿਟੀ ’ਚ ਰਹਿੰਦਾ ਹੈ। ਉਨ੍ਹਾਂ ਸ਼ਹੀਦ ਹਰਮੰਦਰ ਸਿੰਘ ਨੂੰ ਕੌਮ ਦਾ ਯੋਧਾ ਅਤੇ ਹੀਰਾ ਕਰਾਰ ਦਿੱਤਾ। ਉਨ੍ਹਾਂ ਬੇਅਦਬੀ ਕਾਂਡ ਬਾਰੇ ਬਾਦਲਾਂ ਅਤੇ ਡੇਰਾ ਮੁਖੀ ਨੂੰ ਘੇਰਨ ਵਾਲੀ ਮੌਜੂਦਾ ਵਿਸ਼ੇਸ਼ ਜਾਂਚ ਟੀਮ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।

  • 221
  •  
  •  
  •  
  •