ਪੰਜਾਬ ਅੰਦਰ ਕੋਰੋਨਾ ਦੇ ਇੱਕ ਦਿਨ ‘ਚ ਸਭ ਤੋਂ ਵੱਧ 411 ਮਾਮਲੇ ਆਏ

ਪੰਜਾਬ ਵਿੱਚ ਕਰੋਨਾਵਾਇਰਸ ਦੀ ਲਪੇਟ ’ਚ ਆਏ ਵਿਅਕਤੀਆਂ ਦੀਆਂ ਮੌਤਾਂ ਦੇ ਵਧਦੇ ਸਿਲਸਿਲੇ ਦੌਰਾਨ ਲੰਘੇ 24 ਘੰਟਿਆਂ ਦੌਰਾਨ 8 ਜ਼ਿੰਦਗੀਆਂ ਇਸ ਮਹਾਮਾਰੀ ਦੀ ਭੇਟ ਚੜ੍ਹ ਗਈਆਂ। ਸੂਬੇ ਵਿੱਚ ਇਸ ਵਾਇਰਸ ਕਰਕੇ ਮਰਨ ਵਾਲਿਆਂ ਦਾ ਅੰਕੜਾ 262 ਤੱਕ ਪਹੁੰਚ ਗਿਆ ਹੈ। ਪੰਜਾਬ ਵਿੱਚ ਇੱਕ ਦਿਨ ਦੌਰਾਨ ਸਭ ਤੋਂ ਵੱਧ ਮਾਮਲੇ ਵੀ ਸਾਹਮਣੇ ਆਏ ਹਨ।

ਸਿਹਤ ਵਿਭਾਗ ਮੁਤਾਬਕ 411 ਸੱਜਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੀ ਵਧ ਕੇ 10,510 ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਉਣ ਦਾ ਵੀ ਨਵਾਂ ਰਿਕਾਰਡ ਬਣਿਆ ਹੈ ਤੇ 24 ਘੰਟਿਆਂ ਦੌਰਾਨ 94 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਜ਼ਿਲ੍ਹੇ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ 1012 ਤੱਕ ਅੱਪੜ ਗਿਆ ਹੈ। ਇਸ ਜ਼ਿਲ੍ਹੇ ਵਿੱਚ 15 ਵਿਅਕਤੀ ਵਾਇਰਸ ਕਾਰਨ ਮੌਤ ਦੇ ਮੂੰਹ ’ਚ ਵੀ ਜਾ ਪਏ ਹਨ।

ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲਿਆਂ ਵਿੱਚ ਹੋਰਨਾਂ ਜ਼ਿਲ੍ਹਿਆਂ ਦੀ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 83, ਅੰਮ੍ਰਿਤਸਰ ਵਿੱਚ 37, ਜਲੰਧਰ ਵਿੱਚ 27, ਹੁਸ਼ਿਆਰਪੁਰ ਵਿੱਚ 26, ਸੰਗਰੂਰ ਵਿੱਚ 21, ਮੋਗਾ ਵਿੱਚ 18, ਬਠਿੰਡਾ ਵਿੱਚ 17, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਵਿੱਚ 16-16, ਮੁਕਤਸਰ ਅਤੇ ਫਰੀਦਕੋਟ ਵਿੱਚ 12-12, ਮੁਹਾਲੀ ਵਿੱਚ 9, ਕਪੂਰਥਲਾ ਅਤੇ ਮਾਨਸਾ ਵਿੱਚ 5-5, ਰੋਪੜ ਅਤੇ ਫਿਰੋਜ਼ਪੁਰ ਵਿੱਚ 4-4, ਬਰਨਾਲਾ ਵਿੱਚ 3 ਅਤੇ ਗੁਰਦਾਸਪੁਰ ਵਿੱਚ 2 ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਹੁਣ ਤੱਕ 65, ਲੁਧਿਆਣਾ ਵਿੱਚ 47, ਜਲੰਧਰ ਵਿੱਚ 33, ਸੰਗਰੂਰ ਵਿੱਚ 22, ਮੁਹਾਲੀ ਅਤੇ ਗੁਰਦਾਸਪੁਰ ਵਿੱਚ 12-12, ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ 10-10 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

  • 97
  •  
  •  
  •  
  •