ਬੇਅਦਬੀ ਮਾਮਲਾ: ਡੇਰਾ ਪ੍ਰੇਮੀਆਂ ਦੀ ਸੁਣਵਾਈ 3 ਅਗਸਤ ਲਈ ਮੁਲਤਵੀ

ਅਦਬੀ ਕਾਂਡ ਵਿੱਚ ਚਲਾਨ ਪੇਸ਼ ਹੋਣ ਮਗਰੋਂ ਪਹਿਲੀ ਵਾਰ ਸੁਣਵਾਈ ਹੋਈ। ਅਦਾਲਤ ਦੇ ਹੁਕਮ ਦੇ ਬਾਵਜੂਦ ਗ੍ਰਿਫ਼ਤਾਰ ਕੀਤੇ ਗਏ ਪੰਜ ਡੇਰਾ ਪ੍ਰੇਮੀਆਂ ਨੂੰ ਅਦਾਲਤ ਸਾਹਮਣੇ ਪੇਸ਼ ਨਹੀਂ ਕੀਤਾ ਗਿਆ, ਜਿਸ ਕਰਕੇ ਉਨ੍ਹਾਂ ਦੀ ਪੇਸ਼ੀ ਵੀਡੀਓ ਕਾਨਫ਼ਰੰਸ ਰਾਹੀਂ ਪਈ।
ਜੁਡੀਸ਼ੀਅਲ ਮੈਜਿਸਟਰੇਟ ਚੇਤਨ ਸ਼ਰਮਾ ਨੇ ਡੇਰਾ ਪ੍ਰੇਮੀ ਰਣਜੀਤ ਸਿੰਘ ਭੋਲਾ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ, ਬਲਜੀਤ ਸਿੰਘ, ਰਣਦੀਪ ਸਿੰਘ ਨੀਲਾ ਦੀ ਅਦਾਲਤੀ ਹਿਰਾਸਤ 3 ਅਗਸਤ ਤੱਕ ਵਧਾ ਦਿੱਤੀ ਹੈ। ਡੇਰਾ ਪ੍ਰੇਮੀਆਂ ਨੇ ਅਦਾਲਤ ’ਚ ਅਰਜ਼ੀ ਦੇ ਕੇ ਜਾਂਚ ਟੀਮ ਵੱਲੋਂ ਪੇਸ਼ ਦੋਸ਼ ਪੱਤਰ ਰੱਦ ਕਰਨ ਦੀ ਮੰਗ ਕੀਤੀ ਸੀ।

ਇਸ ਮਸਲੇ ’ਤੇ ਅੱਜ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ’ਚ ਲਿਖਤੀ ਜਵਾਬ ਪੇਸ਼ ਕਰਕੇ ਕਿਹਾ ਕਿ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਬਣੀ ਜਾਂਚ ਟੀਮ ਵੱਲੋਂ ਬੇਅਦਬੀ ਕਾਂਡ ’ਚ ਪੇਸ਼ ਕੀਤਾ ਚਲਾਨ ਕਾਨੂੰਨੀ ਤੌਰ ’ਤੇ ਜਾਇਜ਼ ਹੈ, ਕਿਉਂਕਿ ਜਾਂਚ ਟੀਮ ਦੀ ਪੜਤਾਲ ’ਤੇ ਕਿਸੇ ਵੀ ਅਦਾਲਤ ਨੇ ਰੋਕ ਨਹੀਂ ਲਗਾਈ।

ਇਸ ਤੋਂ ਇਲਾਵਾ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ’ਚ ਐੱਸ.ਪੀ. ਬਲਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਨੇ ਡਿਊਟੀ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ’ਚ ਅਰਜ਼ੀ ਦੇ ਕੇ ਐੱਸ.ਪੀ. ਬਲਜੀਤ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਦੋ ਵਾਰ ਸੰਮਨ ਭੇਜਣ ਦੇ ਬਾਵਜੂਦ ਉਹ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ। ਕੋਟਕਪੂਰਾ ਦੇ ਤਤਕਾਲੀ ਐੱਸ.ਐੱਚ.ਓ ਗੁਰਦੀਪ ਪੰਧੇਰ ਨੂੰ ਬਹਿਬਲ ਗੋਲੀ ਕਾਂਡ ’ਚ ਦੋਸ਼ੀ ਵਜੋਂ ਨਾਮਜ਼ਦ ਕਰਨ ਮਗਰੋਂ ਜਾਂਚ ਟੀਮ ਨੇ ਉਸ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਲਏ ਗਏ ਹਨ।

  • 73
  •  
  •  
  •  
  •