ਸੁਖਬੀਰ ਬਾਦਲ ਨੇ ਡੇਰਾ ਸਮਰਥਕ ਵੀਰਪਾਲ ਕੌਰ ਸਮੇਤ ਇੱਕ ਨਿਊਜ਼ ਚੈਨਲ ਨੂੰ ਭੇਜਿਆ ਮਾਣਹਾਨੀ ਨੋਟਿਸ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਡੇਰਾ ਸਿਰਸਾ ਦੀ ਪੈਰੋਕਾਰ ਤੇ ਇੱਕ ਨਿਊਜ਼ ਚੈਨਲ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਜਾਣਕਾਰੀ ਅਨੁਸਾਰ ਨਿਊਜ਼ ਚੈਨਲ ’ਤੇ ਪ੍ਰਸਾਰਿਤ ਖ਼ਬਰ ਦੌਰਾਨ ਸੁਖਬੀਰ ਸਿੰੰਘ ਬਾਦਲ ’ਤੇ ਡੇਰਾ ਮੁਖੀ ਨੂੰ ਕਥਿਤ ਪੁਸ਼ਾਕ ਦੇਣ ਦੇ ਦੋਸ਼ ਲਾਏ ਗਏ ਸਨ। ਅਕਾਲੀ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਪਰਾਧਿਕ ਮਾਨਹਾਨੀ ਨੋਟਿਸ ਵਿਚ ਵੀਰਪਾਲ ਕੌਰ ਅਤੇ ਨਿਊਜ਼ ਚੈਨਲ ਨੂੰ ਨੋਟਿਸ ਪ੍ਰਾਪਤ ਹੋਣ ਦੇ ਦੋ ਦਿਨਾਂ ਦੇ ਅੰਦਰ ਮੁਆਫ਼ੀ ਮੰਗਣੀ ਹੋਵੇਗੀ। ਡਾ. ਚੀਮਾ ਨੇ ਕਿਹਾ ਕਿ ਜੇਕਰ ਉਹਨਾਂ ਮੁਆਫ਼ੀ ਨਾ ਮੰਗੀ ਤਾਂ ਫੇਰ ਸੁਖਬੀਰ ਬਾਦਲ ਮਾਨਹਾਨੀ ਦਾ ਦਾਅਵਾ ਕਰਨ ਲਈ ਮਜਬੂਰ ਹੋਣਗੇ।

ਚੀਮਾ ਨੇ ਕਿਹਾ ਕਿ ਨੋਟਿਸ ਮੁਤਾਬਕ ਵੀਰਪਾਲ ਕੌਰ ਨੇ 2022 ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਵਿਰੋਧੀਆਂ ਦੇ ਸਮਰਥਨ ਨਾਲ ਸੁਖਬੀਰ ਬਾਦਲ ਦੇ ਨਾਲ-ਨਾਲ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਅਕਸ ਨੂੰ ਵੱਡੀ ਢਾਹ ਲਾਉਣ ਦਾ ਯਤਨ ਕੀਤਾ। ਨੋਟਿਸ ‘ਚ ਕਿਹਾ ਗਿਆ ਕਿ ਨਿਊਜ਼ ਚੈਨਲ ਨੇ ਮਨਘੜਤ ਦੋਸ਼ਾਂ ਨੂੰ ਪ੍ਰਸਾਰਿਤ ਕੀਤਾ ਹੈ। ਨੋਟਿਸ ‘ਚ ਕਿਹਾ ਗਿਆ ਕਿ ਸਾਰੀ ਦੁਨੀਆਂ ਭਰ ਦੇ ਸਿੱਖ ਇਸ ਗਲਤ ਕਾਰਵਾਈ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਵੱਡਾ ਦੋਸ਼ੀ ਮੰਨਣਗੇ ਤੇ ਵੀਰਪਾਲ ਕੌਰ ਵਲੋਂ ਜੋ ਦੋਸ਼ ਲਗਾਏ ਗਏ ਹਨ, ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸਿਆਸੀ ਵਿਰੋਧੀਆਂ ਨੇ ਸਪਾਂਸਰ ਕੀਤਾ ਸੀ।

ਚੀਮਾ ਨੇ ਕਿਹਾ ਕਿ ਇਹ ਬੜੀ ਹੀ ਮੰਦਭਾਗੀ ਗੱਲ ਹੈ ਕਿ ਵੀਰਪਾਲ ਕੌਰ ਨੇ ਸਲਾਬਤਪੁਰਾ ਦੀ ਘਟਨਾ ਦੇ 13 ਸਾਲ ਬਾਅਦ ਅਚਨਚੇਤ ਟੈਲੀਵਿਜ਼ਨ ‘ਤੇ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖਿਲਾਫ਼ ਗਲਤ ਤੇ ਬੇਬੁਨਿਆਦੀ ਦੋਸ਼ ਲਗਾਏ ਹਨ। ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਨੇ ਵਕੀਲਾਂ ਦੀ ਇਕ ਅੰਦਰੂਨੀ ਕਮੇਟੀ ਸਥਾਪਿਤ ਕੀਤੀ ਹੈ ਜੋ ਸੋਸ਼ਲ ਮੀਡੀਆ ਸਮੇਤ ਮੀਡੀਆ ਦੀ ਨਿਯਮਿਤ ਆਧਾਰ ‘ਤੇ ਘੋਖ ਕਰੇਗੀ ਤੇ ਜੋ ਕੋਈ ਵੀ ਪਾਰਟੀ ਅਤੇ ਇਸ ਦੇ ਆਗੂਆਂ ਖਿਲਾਫ਼ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਏਗਾ, ਉਸ ਖਿਲਾਫ਼ ਮਾਨਹਾਨੀ ਦਾ ਕੇਸ ਦਾਇਰ ਕਰੇਗੀ।

  • 369
  •  
  •  
  •  
  •