267 ਪਾਵਨ ਸਰੂਪਾਂ ਦੇ ਮਾਮਲੇ ‘ਚ ਜਾਂਚ ਸ਼ੁਰੂ, ਇੱਕ ਮਹੀਨੇ ‘ਚ ਆਵੇਗੀ ਰਿਪੋਰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਰਿਕਾਰਡ ਵਿਚੋਂ ਗ਼ਾਇਬ ਹੋਣ ਦੇ ਮਾਮਲੇ ਵਿਚ ਸੇਵਾ ਮੁਕਤ ਜੱਜ ਨਵੀਤਾ ਸਿੰਘ ਦੀ ਪੀ.ਏ, ਐਡਵੋਕੇਟ ਈਸ਼ਰ ਸਿੰਘ ਤੇਲੰਗਾਨਾ ਹਾਈਕੋਰਟ ਕੋਰਟ ਦੇ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ,ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਗੁਰਿੰਦਰ ਸਿੰਘ ਭੋਮਾ ਵਲੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਰੱਖੇ ਰਿਕਾਰਡ ਦੀ ਪੜਤਾਲ ਕੀਤੀ ਗਈ ਅਤੇ ਦਫ਼ਤਰ ਵਿਖੇ ਮੌਜੂਦ ਮੁਲਾਜ਼ਮਾਂ ਕੋਲੋਂ ਪੁੱਛ ਪੜਤਾਲ ਵੀ ਕੀਤੀ ਗਈ। ਇਸ ਮੌਕੇ ਗਠਿਤ ਕਮੇਟੀ ਵਲੋਂ ਜਿੱਥੇ 3 ਕੱਪੜੇ ਦੀਆਂ ਗੱਠਾ ਭਰ ਕੇ ਰਿਕਾਰਡ ਨਾਲ ਲਿਜਾਇਆ ਗਿਆ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਣਾਏ ਦਫ਼ਤਰ ਵਿਚ ਇਸ ਦੀ ਪੜਤਾਲ ਕੀਤੀ ਜਾਵੇਗੀ ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇੱਕ ਮਹੀਨੇ ਦੇ ਅੰਦਰ ਜਾਂਚ ਮੁਕੰਮਲ ਕਰ ਲਈ ਜਾਵੇਗੀ, ਜਿਸ ਤੋਂ ਬਾਅਦ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪੀ ਜਾਵੇਗੀ। ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਇਸ ਬਾਰੇ ਫੈਸਲਾ ਕੀਤਾ ਜਾਵੇਗਾ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੇਵਾ ਮੁਕਤ ਜੱਜ ਨਵਿਤਾ ਸਿੰਘ ਤੇ ਐਡਵੋਕੇਟ ਈਸ਼ਰ ਸਿੰਘ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਡਵੋਕੇਟ ਈਸ਼ਰ ਸਿੰਘ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਜਾਂਚ ਆਰੰਭ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਾਂਚ ਪੂਰੀ ਹੋਣ ਮਗਰੋਂ ਬਿਆਨਬਾਜ਼ੀ ਨਾ ਕੀਤੀ ਜਾਵੇ। ਉਨ੍ਹਾਂ ਸਿਆਸੀ ਆਗੂਆਂ ਨੂੰ ਇਸ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕਰਨ ਲਈ ਕਿਹਾ।

  • 335
  •  
  •  
  •  
  •