ਦਲ ਖ਼ਾਲਸਾ ਤੇ ਅਕਾਲੀ ਦਲ (ਅ) ਨੇ ਲਵਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਦੀ ਨਿਆਇਕ ਜਾਂਚ ਮੰਗੀ

ਜ਼ਿਲ੍ਹਾ ਸੰਗਰੂਰ ਦੇ ਪਿੰਡ ਰੱਤਾ ਖੇੜੀ ਦੇ ਸਿੱਖ ਨੌਜਵਾਨ ਵਲੋਂ ਚੰਡੀਗੜ੍ਹ ਐਨ.ਆਈ.ਏ. ਵਲੋਂ ਯੂ.ਏ.ਪੀ.ਏ. ਤਹਿਤ ਦਰਜ ਕੇਸ ਸਬੰਧੀ ਪੁਛਗਿੱਛ ਲਈ ਸੱਦੇ ਜਾਣ ਸਮੇਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਰੁਧ ਸਿੱਖ ਜਥੇਬੰਦੀਆਂ ਵਲੋਂ ਸਖ਼ਤ ਰੋਸ ਦੇ ਪ੍ਰਗਟਾਵੇ ਕੀਤੇ ਜਾ ਰਹੇ ਹਨ। ਦਲ ਖ਼ਾਲਸਾ ਤੇ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਇਸ ਮਾਮਲੇ ਦੀ ਹਾਈ ਕੋਰਟ ਦੇ ਕਿਸੇ ਮੌਜੂਦ ਜੱਜ ਤੋਂ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਦੀ ਐਨ.ਆਈ.ਏ. ਦੀ ਪੁਛਗਿੱਛ ਬਾਅਦ ਰਹੱਸਮਈ ਹਾਲਤ ਵਿਚ ਮੋਹਾਲੀ ਵਿਚ ਖ਼ੁਦਕੁਸ਼ੀ ਕਈ ਸਵਾਲ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕਿ ਰੈਫ਼ਰੈਂਡਮ 2020 ਦੀ ਆੜ ਹੇਠ ਪੁਲਿਸ ਸਿੱਖ ਨੌਜਵਾਨਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੇ ਯੂ.ਏ.ਪੀ.ਏ. ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਵੀ ਇਸ ਕਾਲੇ ਕਾਨੂੰਨ ਦੀ ਭੇਂਟ ਚੜ੍ਹ ਗਿਆ ਹੈ ਤੇ ਹੋਰ ਨੌਜਵਾਨਾਂ ਨੂੰ ਅਜਿਹੀ ਸਥਿਤੀ ਤੋਂ ਬਚਾਉਣਾ ਚਾਹੀਦਾ ਹੈ।

ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਲਵਪ੍ਰੀਤ ਦੀ ਖ਼ੁਦਕੁਸ਼ੀ ਦੇ ਕਾਰਨਾਂ ਦੀ ਸਚਾਈ ਪਤਾ ਲਾਉਣ ਲਈ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਜਾਂਚ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੈਫ਼ਰੈਂਡਮ 2020 ਦੇ ਨਾਂ ਹੇਠ ਪੰਜਾਬ ਵਿਚ ਪੁਲਿਸ ਯੂ.ਏ.ਪੀ.ਏ. ਦੀ ਗ਼ਲਤ ਵਰਤੋਂ ਕਰ ਕੇ ਸਿੱਖ ਨੌਜਵਾਨਾਂ ਵਿਚ ਦਹਿਸ਼ਤ ਪੈਦਾ ਕਰ ਰਹੀ ਹੈ। ਇਸੇ ਨੀਤੀ ਦਾ ਨਤੀਜਾ ਹੀ ਲਵਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੀ ਗੱਲ ਕਰਨਾ ਕੋਈ ਗ਼ੈਰ ਕਾਨੂੰਨੀ ਨਹੀਂ ਤੇ ਸੁਪਰੀਮ ਕੋਰਟ ਤੋਂ ਇਸ ਬਾਰੇ ਸਿਮਰਨਜੀਤ ਸਿੰਘ ਮਾਨ ਕੇਸ ਜਿੱਤ ਚੁਕੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਕੇ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੀ ਹੈ।

  • 159
  •  
  •  
  •  
  •