ਬਲੋਚਿਸਤਾਨ ‘ਚ ਸਿੱਖਾਂ ਨੂੰ 73 ਸਾਲ ਬਾਅਦ ਮਿਲੀ ਗੁਰੂਘਰ ਦੀ ਸੇਵਾ-ਸੰਭਾਲ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਸਰਕਾਰ ਨੇ 73 ਸਾਲ ਮਗਰੋਂ ਇੱਥੋਂ ਦਾ 200 ਸਾਲ ਪੁਰਾਣਾ ਗੁਰਦੁਆਰਾ ਸਿੱਖ ਭਾਈਚਾਰੇ ਨੂੰ ਸੌਂਪ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੱਥੋਂ ਦੀ ਮਸਜਿਦ ਰੋਡ ਸਥਿਤ ਸ੍ਰੀ ਗੁਰੂ ਸਿੰਘ ਗੁਰਦੁਆਰੇ ਨੂੰ 1947 ਤੋਂ ਏਪੀਡਬਲਯੂਏ ਸਰਕਾਰੀ ਹਾਈ ਸਕੂਲ (ਲੜਕੀਆਂ) ਵਜੋਂ ਵਰਤਿਆ ਜਾ ਰਿਹਾ ਸੀ।

ਸੂਬਾਈ ਸੰਸਦੀ ਸਕੱਤਰ ਤੇ ਘੱਟ ਗਿਣਤੀ ਭਾਈਚਾਰੇ ਦੇ ਮਾਮਲਿਆਂ ਬਾਰੇ ਮੁੱਖ ਮੰਤਰੀ ਦੇ ਸਲਾਹਕਾਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਗੁਰਦੁਆਰੇ ਨੂੰ ਮੁੜ ਧਾਰਮਿਕ ਥਾਂ ’ਚ ਤਬਦੀਲ ਕਰਕੇ ਸਿੱਖ ਭਾਈਚਾਰੇ ਨੂੰ ਸੌਂਪਣਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ ਹੈ। ਇਸ ਦੀਆਂ ਵਿਦਿਆਰਥਣਾਂ ਨੂੰ ਨੇੜਲੇ ਸਕੂਲਾਂ ’ਚ ਦਾਖਲਾ ਲੈਣ ਲਈ ਕਿਹਾ ਗਿਆ ਹੈ। ਬਲੋਚਿਸਤਾਨ ’ਚ ਸਿੱਖ ਭਾਈਚਾਰਾ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਫ਼ੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਲੋਚਿਸਤਾਨ ਸਰਕਾਰ ਦਾ ਸਿੱਖ ਭਾਈਚਾਰੇ ਨੂੰ ਤੋਹਫ਼ਾ ਹੈ।

ਇਸ ਫੈਸਲੇ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਗੁਰਦੁਆਰੇ ਮੌਜੂਦ ਹਨ, ਜਿਨ੍ਹਾਂ ਵਿੱਚੋਂ ਕਈ ਗੁਰੂ ਘਰ ਦੇਸ਼ ਵੰਡ ਮਗਰੋਂ ਬੰਦ ਕਰ ਦਿੱਤੇ ਗਏ ਸਨ। ਇਨ੍ਹਾਂ ਵਿੱਚ ਹੀ ਕੋਇਟਾ ਦਾ ਗੁਰਦੁਆਰਾ ਸਿੰਘ ਸਭਾ ਵੀ ਸ਼ਾਮਲ ਸੀ।

  • 2.9K
  •  
  •  
  •  
  •