19 ਸਤੰਬਰ ਤੋਂ 8 ਨਵੰਬਰ ਤੱਕ ਖੇਡਿਆ ਜਾਵੇਗਾ ਆਈ.ਪੀ.ਐਲ 2020

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਚੇਅਰਮੈਨ ਨੇ ਸਾਫ਼ ਕਰ ਦਿੱਤਾ ਹੈ ਕਿ ਸੀਜ਼ਨ 13 ਦਾ ਆਯੋਜਨ 19 ਸਤੰਬਰ ਤੋਂ 8 ਨਵੰਬਰ ਦੇ ਵਿੰਡੋ ‘ਚ ਕੀਤਾ ਜਾਵੇਗਾ। ਇਹ ਟੂਰਨਾਮੈਂਟ ਭਾਰਤ ਤੋਂ ਬਾਹਰ ਯੂ.ਏ.ਈ. ‘ਚ ਖੇਡਿਆ ਜਾਵੇਗਾ। ਆਈ.ਪੀ.ਐੱਲ. ਦੇ ਚੇਅਰਮੈਨ ਨੇ ਪੀ.ਟੀ.ਆਈ. ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਇਕ ਬੈਠਕ ਹੋਵੇਗੀ, ਜਿਸ ‘ਚ ਇਸ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਕ੍ਰਿਕਟ ਬੋਰਡ ਆਫ਼ ਇੰਡੀਆ (ਬੀਸੀਸੀਆਈ) ਨੇ ਆਪਣੀ ਯੋਜਨਾ ਫਰੈਂਚਾਇਜ਼ੀ ਨੂੰ ਦਿੱਤੀ ਹੈ।

ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਕਿ ਉਨ੍ਹਾਂ ਨੇ ਇਸ ‘ਤੇ ਕਈ ਵਾਰ ਬੈਠਕ ਕੀਤੀ ਅਤੇ ਇਹ ਤੈਅ ਕੀਤਾ ਕਿ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ ਅਯੋਜਨ 19 ਸਤੰਬਰ ਤੋਂ 8 ਨਵੰਬਰ ਦੇ ਵਿਚਕਾਰ ਕਰਵਾਇਆ ਜਾਵੇਗਾ। ਇਸ ਸਬੰਧੀ ਉਨ੍ਹਾਂ ਨੇ ਫਰੈਂਚਾਇਜ਼ੀ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ‘ਤੇ ਸਰਕਾਰ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਹ ਪੂਰਾ 51 ਦਿਨਾਂ ਦਾ ਆਈ.ਪੀ.ਐੱਲ. ਹੋਵੇਗਾ।

ਹਾਲਾਂਕਿ, ਅਜੇ ਤੱਕ ਆਈਪੀਐਲ ਦੇ ਕਾਰਜਕਾਲ ਅਤੇ ਮੈਚਾਂ ਦੀ ਗਿਣਤੀ ਬਾਰੇ ਜਾਣਕਾਰੀ ਬੋਰਡ ਦੁਆਰਾ ਨਹੀਂ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਅਗਲੇ ਇੱਕ ਹਫਤੇ ਦੇ ਅੰਦਰ ਆਈਪੀਐਲ ਦਾ ਸ਼ੈਡਿਊਲ ਜਾਰੀ ਕਰ ਸਕਦਾ ਹੈ। ਆਈਪੀਐਲ ਦੀ ਗਵਰਨਿੰਗ ਕੌਂਸਲ ਦੀ ਬੈਠਕ ਵਿੱਚ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ 28 ਮਾਰਚ ਤੋਂ ਹੋਣਾ ਸੀ। ਪਰ ਕੋਰੋਨਾਵਾਇਰਸ ਕਰਕੇ ਟੂਰਨਾਮੈਂਟ ਪਹਿਲਾਂ 15 ਅਪਰੈਲ ਤਕ ਮੁਲਤਵੀ ਕੀਤਾ ਗਿਆ ਸੀ ਅਤੇ ਫਿਰ ਵੱਧ ਰਹੇ ਲੌਕਡਾਊਨ ਕਰਕੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।

  •  
  •  
  •  
  •  
  •