ਜੇ ਸਾਡੀ ਸਰਕਾਰ ਬਣੀ ਤਾਂ ਮੈਂ ਮੁੱਖ ਮੰਤਰੀ ਨਹੀਂ ਬਣਾਂਗਾ, ਤੇ ਨਾ ਹੀ ਕੋਈ ਅਹੁਦਾ ਲਵਾਂਗਾ: ਸੁਖਦੇਵ ਢੀਂਡਸਾ

ਪੰਜਾਬ ‘ਚ ਯੂਨਾਈਟਿਡ ਅਕਾਲੀ ਦਲ ਸ਼ਨੀਵਾਰ ਨੂੰ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨਾਲ ਇੱਕਠੇ ਹੋ ਗਏ। ਦੱਸ ਦਈਏ ਕਿ ਗੁਰੂਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿਚ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਪਾਰਟੀ ਵਿਚ ਰਲੇਵੇਂ ਦਾ ਐਲਾਨ ਕੀਤਾ।

ਇਸ ਦੌਰਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਪਹਿਲਾਂ ਪੰਥ ਤੇ ਪੰਜਾਬ ਹੈ। ਪਾਰਟੀ ਅਤੇ ਰਾਜਨੀਤੀ ਇਸ ਤੋਂ ਬਾਅਦ ‘ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਕਾਫੀ ਨੁਕਸਾਨ ਕੀਤਾ ਹੈ ਅਤੇ ਹੁਣ ਸਿੱਖ ਪੰਥ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪਏਗਾ।
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤਾਂ ਮੈਂ ਮੁੱਖ ਮੰਤਰੀ ਨਹੀਂ ਬਣਾਂਗਾ, ਮੈਂ ਕੋਈ ਵੀ ਇਲੈਕਸ਼ਨ ਨਹੀਂ ਲੜਾਂਗਾ ਤੇ ਨਾ ਹੀ ਕੋਈ ਅਹੁਦਾ ਲਵਾਂਗਾ।

ਢੀਂਡਸਾ ਨੇ ਅੱਗੇ ਕਿਹਾ ਕਿ ਬਾਦਲ ਪਰਿਵਾਰ ਨੂੰ ਛੱਡਣ ਵਿੱਚ ਦੇਰ ਹੋਈ, ਪਰ ਉਹ ਬਗੈਰ ਕਿਸੇ ਦਾਗ ਦੇ ਬਾਹਰ ਆ ਗਏ ਤੇ ਹੁਣ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਖੜੇ ਹੋਣ ਦਾ ਵਕਤ ਹੈ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਹੋਵੇਗਾ ਅਤੇ ਇਸ ਮਾਮਲੇ ਵਿੱਚ ਡੇਰਾ ਸਿਰਸਾ ਨਾਲ ਬਾਦਲ ਪਰਿਵਾਰ ਦੀ ਮਿਲੀਭੁਗਤ ਵੀ ਸਾਹਮਣੇ ਆਈ ਹੈ। ਜਿਸ ਲਈ ਸੰਗਤ ਬਾਦਲਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ।
ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦੇ ਹਨ। ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਵਾਪਸ ਲੈਣਾ ਚਾਹੀਦਾ ਹੈ, ਇਸ ਦੇ ਲਈ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ।

  • 1K
  •  
  •  
  •  
  •