ਸੁਖਬੀਰ ਬਾਦਲ ਵੱਲੋਂ ਡੇਰਾ ਸਮਰਥਕ ਵੀਰਪਾਲ ਕੌਰ ਖਿਲਾਫ਼ ਐੱਸ.ਐੱਸ.ਪੀ ਚੰਡੀਗੜ੍ਹ ਨੂੰ ਸ਼ਿਕਾਇਤ

ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਪੁਲੀਸ ਨੂੰ ਸ਼ਿਕਾਇਤ ਦੇ ਕੇ ਡੇਰਾ ਸਿਰਸਾ ਦੀ ਹਮਾਇਤੀ ਵੀਰਪਾਲ ਕੌਰ ’ਤੇ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਗਏ ਵਫਦ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਬਰਾੜ ਤੇ ਸਰਬਜੋਤ ਸਿੰਘ ਸਾਬੀ ਸ਼ਾਮਲ ਸਨ।

ਵਫਦ ਨੇ ਮੰਗ ਕੀਤੀ ਕਿ ਵੀਰਪਾਲ ਕੌਰ ਖਿਲਾਫ ਧਾਰਾ 153, 153-ਏ, 153-ਬੀ, 295-ਏ ਅਤੇ 298-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਜਾਵੇ। ਸ਼ਿਕਾਇਤ ਵਿਚ ਕਿਹਾ ਗਿਆ ਕਿ ਵੀਰਪਾਲ ਕੌਰ ਨੇ 14 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਦੇ ਨਿੱਜੀ, ਸਿਆਸੀ, ਜਨਤਕ ਤੇ ਸਮਾਜਿਕ ਜੀਵਨ ਨੂੰ ਨਿਸ਼ਾਨਾ ਬਣਾਉਂਦਿਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ। ਅਕਾਲੀ ਦਲ ਨੇ ਕਿਹਾ ਕਿ ਵੀਰਪਾਲ ਕੌਰ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਜਿਸ ਦੇ ਜਵਾਬ ਵਿਚ ਡੇਰੇ ਦੀ ਸ਼ਰਧਾਲੂ ਨੇ ਅਕਾਲੀ ਦਲ ਤੋਂ ਮੁਆਫੀ ਮੰਗੀ ਤੇ ਦੂਜੇ ਪਾਸੇ ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਖਾਸ ਤੌਰ ’ਤੇ ਪਹਿਲੇ ਗੁਰੂ ਨਾਨਕ ਦੇਵ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਖਿਲਾਫ ਮੰਦੇ ਸ਼ਬਦ ਵਰਤ ਕੇ ਬੇਅਦਬੀ ਕੀਤੀ ਹੈ।

ਸ਼ਿਕਾਇਤ ਵਿਚ ਕਿਹਾ ਗਿਆ ਕਿ ਵੀਰਪਾਲ ਕੌਰ ਨੂੰ ਇਕ ਲੀਗਲ ਨੋਟਿਸ ਭੇਜਿਆ ਗਿਆ ਸੀ, ਜਿਸਦੇ ਜਵਾਬ ਵਿਚ ਉਸਨੇ ਮੰਨਿਆ ਕਿ ਉਸ ਦੀ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਨਹੀਂ ਹੋਈ ਤੇ ਉਸ ਨੂੰ ਉਨ੍ਹਾਂ ਖਿਲਾਫ ਝੂਠੇ ਦੋਸ਼ ਲਾਉਣ ਦਾ ਅਫਸੋਸ ਹੈ। ਇਸ ਵਿਚ ਕਿਹਾ ਗਿਆ ਕਿ ਕਿਉਂਕਿ ਇਹ ਸਾਬਤ ਹੋ ਚੁੱਕਾ ਹੈ ਕਿ ਵੀਰਪਾਲ ਕੌਰ ਨੇ ਪਹਿਲਾਂ ਝੂਠ ਬੋਲਿਆ ਸੀ, ਇਸ ਲਈ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

  • 30
  •  
  •  
  •  
  •