ਯੂਏਪੀਏ ਤਹਿਤ ਸਿੱਖ ਨੌਜਵਾਨਾਂ ਦੀ ਫੜੋ-ਫੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਏਪੀਏ ਕਾਨੂੰਨ ਦਾ ਵਿਰੋਧ ਕੀਤਾ ਅਤੇ ਪੰਜਾਬ ਦੇ ਡੀਜੀਪੀ ਨੂੰ ਸਿੱਖ ਵਿਰੋਧੀ ਮਾਨਸਿਕਤਾ ਵਾਲਾ ਅਫਸਰ ਕਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਬਿਆਨ ਜਾਰੀ ਕਰਦਿਆਂ ਪੰਜਾਬ ਪੁਲੀਸ ’ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਦੀ ਅੰਨ੍ਹੇਵਾਹ ਵਰਤੋਂ ਦੇ ਦੋਸ਼ ਲਾਉਂਦਿਆਂ ਚਿਤਾਵਨੀ ਵੀ ਦਿੱਤੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੇ ਪੁਲੀਸ ਮੁਖੀ ਨੂੰ ਸਪਸ਼ਟ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ ਕਿ ਛੋਟੀਆਂ ਗਲਤੀਆਂ ਲਈ ਸਿੱਖ ਨੌਜਵਾਨਾਂ ’ਤੇ ਯੂਏਪੀਏ ਤਹਿਤ ਕੇਸ ਦਰਜ ਨਾ ਕੀਤੇ ਜਾਣ। ਸਿੱਖ ਨੌਜਵਾਨਾਂ ਨੂੰ ਅਜਿਹੇ ਮਾਮਲਿਆਂ ਵਿਚ ਗ੍ਰਿਫਤਾਰ ਕਰ ਕੇ ਜੇਲ੍ਹਾਂ ਵਿਚ ਡੱਕੇ ਜਾਣ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਸਪਸ਼ਟ ਹੈ ਕਿ ਸੂਬੇ ਦੀ ਪੁਲੀਸ ਯੂਏਪੀਏ ਦੀ ਦੁਰਵਰਤੋਂ ਕਰ ਰਹੀ ਹੈ ਜਿਸ ’ਤੇ ਤੁਰੰਤ ਰੋਕ ਲਾਈ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਡੀਜੀਪੀ ਨੂੰ ਸਪਸ਼ਟ ਹਦਾਇਤਾਂ ਦੇਣ ਕਿ ਸੋਸ਼ਲ ਮੀਡੀਆ ’ਤੇ ਕੁਝ ਵੀ ਵੇਖਣ ਜਾਂ ਉਸ ਨੂੰ ਸ਼ੇਅਰ ਕਰਨ ’ਤੇ ਕਿਸੇ ਵੀ ਸਿੱਖ ਨੌਜਵਾਨ ਨੂੰ ਚੁੱਕ ਕੇ ਉਸ ’ਤੇ ਕੇਸ ਦਰਜ ਨਾ ਕੀਤਾ ਜਾਵੇ। ਇਸ ਲਈ ਅਜਿਹੇ ਕਦਮ ਚੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਪੰਜਾਬ ਨੂੰ ਫਿਰ ਤੋਂ ਕਾਲੇ ਦੌਰ ਵਿਚ ਲੈ ਜਾਣ।

  • 632
  •  
  •  
  •  
  •