ਭਾਰਤ ‘ਚ ਕੋਰੋਨਾ ਦੀ ਰਫ਼ਤਾਰ ਹੋਈ ਤੇਜ਼, ਇੱਕ ਦਿਨ ਅੰਦਰ ਰਿਕਾਰਡ 52,123 ਨਵੇਂ ਮਾਮਲੇ ਦਰਜ

ਦੇਸ਼ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਦਿਨੋ-ਦਿਨ ਤੇਜ਼ ਹੋ ਰਹੀ ਹੈ। ਪਿਛਲੇ 24 ਘੰਟਿਆਂ ਦੇ ਅੰਦਰ ਦੇਸ਼ ਭਰ ‘ਚ 52,123 ਨਵੇਂ ਮਾਮਲੇ ਸਾਹਮਣੇ ਆਏ ਹਨ। ਪਹਿਲੀ ਵਾਰ ਭਾਰਤ ਵਿਚ ਇਕ ਦਿਨ ਦੇ ਅੰਕੜਿਆਂ ਦੀ ਗਿਣਤੀ 50 ਹਜ਼ਾਰ ਤੋਂ ਪਾਰ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ 24 ਘੰਟਿਆਂ ਦੇ ਅੰਦਰ 775 ਮੌਤਾਂ ਹੋਈਆਂ ਹਨ।

ਸਿਹਤ ਮੰਤਰਾਲਾ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ ਭਰ ‘ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 15,83,792 ਹੋ ਗਈ ਹੈ। 775 ਮੌਤਾਂ ਨੂੰ ਮਿਲਾ ਕੇ ਹੁਣ ਤੱਕ 34,968 ਮਰੀਜ਼ਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਉੱਥੇ ਹੀ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਤੇਜ਼ ਰਫ਼ਤਾਰ ਨਾਲ ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਵੀ ਦੇ ਰਹੇ ਹਨ। ਹੁਣ ਤੱਕ 10,20,582 ਮਰੀਜ਼ ਕੋਰੋਨਾ ਵਾਇਰਸ ਨੂੰ ਹਰਾ ਚੁੱਕੇ ਹਨ ਅਤੇ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤਰ੍ਹਾਂ ਦੇਸ਼ ਵਿਚ 5,28,242 ਸਰਗਰਮ ਕੇਸ ਹਨ।

29 ਜੁਲਾਈ 2020 ਤੱਕ 1,81,90,382 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਇਕੱਲੀ 29 ਜੁਲਾਈ ਨੂੰ ਹੀ 4,46,642 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਦੁਨੀਆ ਭਰ ‘ਚ ਕੋਰੋਨਾ ਦਾ ਗਰਾਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਪੀੜਤ ਮਰੀਜ਼ਾਂ ਦੀ ਗਿਣਤੀ 1.70 ਕਰੋੜ ਦੇ ਪਾਰ ਚੱਲੀ ਗਈ ਹੈ ਅਤੇ 6.64 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

  • 53
  •  
  •  
  •  
  •