ਕੇਂਦਰ ਸਰਕਾਰ ਪਾਬੰਦੀ-ਸ਼ੁਦਾ ਵਿਦੇਸ਼ੀ ਸਿੱਖਾਂ ਨੂੰ ਭਾਰਤ ਆਉਣ ਦੀ ਆਗਿਆ ਦੇਵੇ: ਜਥੇਦਾਰ ਅਕਾਲ ਤਖਤ

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਜ਼ੋਰ ਦਿਤਾ ਹੈ ਕਿ ਉਹ ਵਿਦੇਸ਼ੀ ਸਿੱਖਾਂ ਨੂੰ ਭਾਰਤ ਆਉਣ ਦੀ ਆਗਿਆ ਦੇਵੇ, ਜਿਨ੍ਹਾਂ ਦੀ ਆਮਦ ’ਤੇ ਪਾਬੰਦੀ ਲਾਈ ਹੈ। ਜਥੇਦਾਰ ਹਰਪ੍ਰੀਤ ਸਿੰਘ ਅਨੁਸਾਰ ਤਿੰਨ ਦਹਾਕਿਆਂ ਤੋਂ ਅਨੇਕਾਂ ਹੀ ਸਿੱਖਾਂ ਉੱਪਰ ਭਾਰਤ ਆਉਣ ‘ਤੇ ਪਾਬੰਦੀ ਲੱਗੀ ਹੋਈ ਹੈ, ਜੋ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪਾਬੰਦੀਸ਼ੁਦਾ ਸਿੱਖਾਂ ਨੂੰ ਪੰਜਾਬ ਵਿਚਲੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੀ ਤਾਂਘ ਹਮੇਸ਼ਾਂ ਰਹਿੰਦੀ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ’ਤੇ ਸਿਆਸੀ ਕੈਦੀ ਰਿਹਾਅ ਕੀਤੇ ਸਨ, ਉਸੇ ਤਰ੍ਹਾਂ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਸ਼ਤਾਬਦੀ ਬੜੇ ਵੱਡੇ ਪੱਧਰ ’ਤੇ ਮਨਾਈ ਜਾ ਰਹੀ ਹੈ। ਇਸ ਮਹਾਨ ਦਿਵਸ ’ਤੇ ਵੀ ਬੰਦੀ ਸਿੰਘ ਰਿਹਾਅ ਕੀਤੇ ਜਾਣ ਜੋ ਵੱਖ-ਵੱਖ ਅਦਾਲਤਾਂ ਵਿਚ ਸਜ਼ਾਵਾਂ ਭੁਗਤ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਲਾਂ ਵਿਚ ਬਜ਼ੁਰਗ ਹੋ ਗਏ ਬੰਦੀ ਸਿੰਘ ਸਾਰੇ ਹੀ ਰਿਹਾਅ ਕੀਤੇ ਜਾਣ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਜਿੰਨ੍ਹਾਂ ਸਿੱਖਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਹ ਸਾਰੇ ਰਿਹਾਅ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿਚੋਂ ਰਿਹਾਅ ਕਰੇ।

  • 769
  •  
  •  
  •  
  •