ਜੱਗੀ ਜੌਹਲ ਮਾਮਲੇ ‘ਤੇ ਯੂਕੇ ਐਮਪੀ ਮਾਰਟਿਨ ਡੌਕਰਟੀ ਨੇ ਵੈਬਿਨਾਰ ਕਰਵਾਇਆ

ਡ੍ਰੇਕੋਨਿਅਨ ਕਾਨੂੰਨ ਦੀ ਤਰ੍ਹਾਂ ਭਾਰਤ ਅੰਦਰ ਯੂਏਪੀਏ ਇਕ ਕਾਲਾ ਕਾਨੂੰਨ: ਵਕੀਲ ਜ਼ਿਮੀਨਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੀ ਤਿਹਾੜ੍ਹ ਜੇਲ੍ਹ ਅੰਦਰ ਬੰਦ ਬ੍ਰਿਟਿਸ਼ ਨਾਗਰਿਕ ਭਾਈ ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ ਬੀਤੇ ਦਿਨ ਇਕ ਆਨਲਾਈਨ ਵੇਬਿਨਾਰ ਕਰਵਾਇਆ ਸੀ ਜਿਸ ਵਿਚ ਐਮਪੀ ਪ੍ਰੀਤ ਕੌਰ ਗਿਲ, ਜਗਤਾਰ ਜੱਗੀ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ, ਮਨੁੱਖੀ ਅਧਿਕਾਰ ਦੇ ਚਾਰਲੀ ਲਾਉਡਨ, ਵਕੀਲ ਜ਼ਿਮੀਨਾ ਅਤੇ ਭਾਰਤ ਤੋਂ ਜੱਗੀ ਜੌਹਲ ਦੇ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਹਿੱਸਾ ਲਿਆ ਸੀ ।

ਇਕ ਘੰਟੇ ਦੇ ਕਰੀਬ ਚੱਲੇ ਇਸ ਵੇਬਿਨਾਰ ਵਿਚ ਮੰਝਪੁਰ ਨੇ ਜੱਗੀ ਦੇ ਕੇਸ ਬਾਰੇ ਦਸਦਿਆਂ ਕਿਹਾ ਦਿੱਲੀ ਵਿਖੇ ਛੇ ਕੇਸ, ਮੋਹਾਲੀ ਵਿਖੇ ਦੋ, ਫਰੀਦਕੋਟ ਅਤੇ ਮੋਗਾ ਵਿਖੇ ਇੱਕ-ਇੱਕ ਕੇਸ ਹਨ ਜਿਸ ਵਿਚੋਂ ਫਰੀਦਕੋਟ ਦਾ ਕੇਸ ਅਦਾਲਤ ਵੱਲੋਂ ਖਾਰਿਜ ਕਰ ਦਿਤਾ ਗਿਆ ਹੈ ਤੇ ਹਾਲੇ ਤਕ ਕਿਸੇ ਵੀ ਕੇਸ ਅੰਦਰ ਪੁਲਿਸ ਵਲੋਂ ਅਦਾਲਤ ਅੰਦਰ ਚਾਰਜਸ਼ੀਟ ਦਾਖਿਲ ਨਹੀ ਕੀਤੀ ਗਈ ਹੈ । ਉਨ੍ਹਾਂ ਦਸਿਆ ਕਿ ਜਿਹੜੇ ਕੇਸ ਮੋਹਾਲੀ ਤੋਂ ਹਾਈ ਕੋਰਟ ਦੇ ਮਨਾ ਕਰਨ ਦੇ ਬਾਵਜੂਦ ਦਿੱਲੀ ਬਦਲੀ ਕਰ ਦਿੱਤੇ ਸਨ ਅੱਜ ਤਕ ਸਾਨੂੰ ਉਨ੍ਹਾਂ ਦੇ ਕਾਗਜ ਤਕ ਨਹੀ ਮਿਲ ਪਾਏ ਹਨ । ਮੋਹਾਲੀ ਵਾਲੇ ਕੇਸ ਨੂੰ ਖਾਰਿਜ ਕਰਨ ਵਾਸਤੇ ਅਸੀ ਅਪੀਲ ਦਾਖਿਲ ਕੀਤੀ ਹੋਈ ਹੈ ਪਰ ਉਸ ਮਾਮਲੇ ਵਿਚ ਬਹਿਸ ਹੀ ਨਹੀ ਹੋ ਪਾ ਰਹੀ ਹੈ ।

ਉਨ੍ਹਾਂ ਦਸਿਆ ਕਿ ਐਨਆਈਏ ਦੇ ਕਾਨੂੰਨ ਦੀ ਧਾਰਾ ਮੁਤਾਬਿਕ ਇਨ੍ਹਾਂ ਦੇ ਕੇਸ ਦੀ ਸੁਣਵਾਈ ਹਰ ਰੋਜ ਹੋਣੀ ਚਾਹੀਦੀ ਹੈ ਪਰ ਖਜ਼ਲਖੁਆਰ ਕਰਨ ਲਈ ਦੋ ਦੋ ਮਹੀਨੇ ਦੀਆਂ ਤਰੀਕਾਂ ਪਾ ਦਿੱਤੀਆਂ ਜਾਦੀਆਂ ਹਨ। ਉਨ੍ਹਾਂ ਪੈਨਲ ਨੂੰ ਦਸਿਆ ਕਿ ਜੱਗੀ ਨੂੰ ਜੇਲ੍ਹ ਅੰਦਰ ਬੰਦ ਹੋਏ ਇਕ ਹਜ਼ਾਰ ਦਿਨ ਹੋ ਗਏ ਹਨ ਤੇ ਹਾਲੇ ਤਕ ਕਿਸੇ ਵੀ ਕੇਸ ਅੰਦਰ ਚਾਰਜ਼ ਨਹੀ ਦਾਖਿਲ ਕੀਤਾ ਜਾ ਸਕਿਆ ਹੈ ਤੇ ਇਹ ਦਾਖਿਲ ਹੋਣਾ ਵੀ ਨਹੀ ਹੈ ਕਿਉਕਿਂ ਇਕ ਮਾਮਲੇ ਵਿਚ ਉਨ੍ਹਾਂ ਚਾਰਜ਼ ਲਗਾਇਆ ਹੈ ਜਿਸਦੇ ਮਾਮਲੇ ਦੀ ਤਫਸੀਸ ਕਰ ਰਹੇ ਅਫਸਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮਾਮਲੇ ਅੰਦਰ ਕੁੱਝ ਵੀ ਇਤਰਾਜਯੌਗ ਨਹੀ ਮਿਲਿਆ ਹੈ ਤੇ ਨਾ ਹੀ ਕੁੱਝ ਜੱਗੀ ਦੇ ਖਿਲਾਫ ਹੈ। ਜੱਗੀ ਦੇ ਭਰਾ ਗੁਰਪ੍ਰੀਤ ਸਿੰਘ ਨੇ ਵੀ ਜੱਗੀ ਦੇ ਕੇਸ ਦੇ ਕੁੱਝ ਪਹਿਲੂਆਂ ਅਤੇ ਅਪਣੇ ਪਰਿਵਾਰ ਤੇ ਬੀਤ ਰਹੇ ਮਾਨਸਿਕ ਤਸ਼ਦਦ ਬਾਰੇ ਦਸਿਆ।

ਮਨੁੱਖੀ ਅਧਿਕਾਰ ਦੇ ਚਾਰਲੀ ਨੇ ਦਸਿਆ ਕਿ ਉਨ੍ਹਾਂ ਵਲੋਂ ਜੱਗੀ ਤੇ ਕੀਤੇ ਗਏ ਅਣਮਨੁੱਖੀ ਤਸ਼ਦਦ ਬਾਰੇ ਇਹ ਮਾਮਲਾ ਯੂਐਨ ਵਿਚ ਪਹੁਚਾਇਆ ਗਿਆ ਹੈ ਤੇ ਮਾਮਲੇ ਨਾਲ ਸੰਬੰਧਿਤ ਸਾਰੇ ਕਾਗਜਾਤ ਵੀ ਯੂਐਨ ਵਿਚ ਦਾਖਿਲ ਕਰਵਾ ਦਿੱਤੇ ਗਏ ਹਨ । ਐਮਪੀ ਮਾਰਟਿਨ ਡੌਕਰਟੀ ਅਤੇ ਐਮਪੀ ਪ੍ਰੀਤਕੌਰ ਗਿੱਲ ਨੇ ਅਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਯੂਕੇ ਅੰਦਰ ਤਿੰਨ ਪ੍ਰਧਾਨਮੰਤਰੀ ਬਦਲ ਗਏ ਹਨ ਪਰ ਜੱਗੀ ਦਾ ਮਾਮਲਾ ਹਾਲੇ ਤਕ ਸੁਲਝਾਇਆ ਨਾ ਜਾਣਾ ਬਹੁਤ ਹੈਰਾਨੀ ਵਾਲੀ ਗਲ ਹੈ ਤੇ ਅਸੀ ਇਸ ਮਾਮਲੇ ਲਈ ਅਸੀ ਹੋਰ ਐਮਪੀਜ ਨਾਲ ਪੱਤਰ-ਵਿਵਹਾਰ ਕਰਕੇ ਮਾਮਲੇ ਨੂੰ ਜਲਦੀ ਸੁਲਝਾਉਣ ਲਈ ਸਿਆਸੀ ਦਬਾਅ ਬਣਾਵਾਂਗੇ ।

ਵਕੀਲ ਜ਼ਿਮੀਨਾ ਨੇ ਦਸਿਆ ਕਿ ਡ੍ਰੇਕੋਨਿਅਨ ਕਾਨੂੰਨ ਦੀ ਤਰ੍ਹਾਂ ਹੀ ਭਾਰਤ ਅੰਦਰ ਯੂਏਪੀਏ ਇਕ ਕਾਲਾ ਕਾਨੂੰਨ ਹੈ ਜਿਸਦੀ ਦੁਰਵਰਤੋਂ ਕੀਤੀ ਜਾਦੀਂ ਹੈ ਤੇ ਜੱਗੀ ਨੂੰ ਵੀ ਉਸੇ ਕਾਨੂੰਨ ਤਹਿਤ ਫਸਾਇਆ ਹੋਇਆ ਹੈ ਤੇ ਉਸ ਨੂੰ ਹੁਣ ਜੇਲ੍ਹ ਅੰਦਰ ਬੰਦ ਕੀਤਿਆਂ 1000 ਦਿਨ ਪੂਰੇ ਹੋ ਗਏ ਹਨ ਜਦਕਿ ਉਸ ਖਿਲਾਫ ਕੋਈ ਸਬੂਤ, ਗਵਾਹ ਨਹੀ ਹੈ ।

ਐਮਪੀ ਮਾਰਟਿਨ ਨੇ ਜੱਗੀ ਜੌਹਲ ਤੇ ਹੋਏ ਅਣਮਨੁੱਖੀ ਤਸ਼ੱਦਦ ਅਤੇ ਮਨੁੱਖੀ ਅਧਿਕਾਰਾਂ ਦੀ ਕੀਤੀ ਜਾ ਰਹੀ ਉਲੰਘਣਾ ਬਾਰੇ ਯੂਕੇ ਦੇ ਵਿਦੇਸ਼ ਮੰਤਰਾਲੇ ਨੂੰ ਇਕ ਚਿੱਠੀ ਲਿਖੀ ਹੈ ।

  • 383
  •  
  •  
  •  
  •