ਜਥੇਦਾਰ ਸਾਹਿਬਾਨਾਂ ਨੂੰ ਹਾਕਮਾਂ ਦੀ ਖੁਸ਼ੀ ਹਾਸਿਲ ਕਰਨ ਦੀ ਬਜਾਏ ਸਿੱਖੀ ਮਰਯਾਦਾ ਦੀ ਪਾਲਣਾ ਜਰੂਰੀ: ਭਾਈ ਗਜਿੰਦਰ ਸਿੰਘ

ਨਵੀਂ ਦਿੱਲੀ: (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਭੇਜੇ ਅਪਣੇ ਵਿਚਾਰਾਂ ਬਾਰੇ ਕਿਹਾ ਕੀ ਅੱਜ ਟ੍ਰੀਬਿਊਨ ਦੀ ਖਬਰ ਪੜ੍ਹਨ ਨੂੰ ਮਿਲੀ ਹੈ, ਕਿ ‘ਰਾਮ ਜਨਮ ਭੂਮੀ ਟਰਸਟ’ ਵੱਲੋਂ ਖਾਲਸਾ ਪੰਥ ਦੇ ਪੰਜਾਂ ਤਖਤਾਂ ਦੇ ‘ਜੱਥੇਦਾਰਾਂ’ ਨੂੰ ਮੰਦਰ ਦੇ ‘ਭੂਮੀ ਪੂਜਨ’ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ ।

ਇਹ ਸੱਦਾ, ਉਹੀ ਅਰਥ ਰੱਖਦਾ ਹੈ, ਜੋ ਸਾਡੇ ਵਾਰ-ਵਾਰ ਇਹ ਕਹਿਣ ਦੇ ਬਾਵਜੂਦ ਕਿ ਸਿੱਖ ਇੱਕ ਵਿਲੱਖਣ ਧਰਮ, ਤੇ ਕੌਮ ਹਨ, ਆਰ ਐਸ ਐਸ ਮੁੱਖੀ ਹਰ ਕੁੱਝ ਦਿਨ ਬਾਅਦ ਬਿਆਨ ਦਾਗ਼ ਦਿੰਦਾ ਹੈ ਕਿ ‘ਸਿੱਖ ਹਿੰਦੂ ਧਰਮ ਦਾ ਹੀ ਹਿੱਸਾ’ ਹਨ । ਉਹਨਾਂ ਨੂੰ ਸਾਡੀ ਸੋਚ, ਜਾਂ ਭਾਵਨਾਂ ਦੀ ਪ੍ਰਵਾਹ ਨਹੀਂ ਹੈ, ਤੇ ਉਹ ਇੱਕ ਜ਼ਿੱਦ ਵਾਂਗ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਉਤੇ ਤੁਲੇ ਰਹਿੰਦੇ ਹਨ ।

ਉਨ੍ਹਾਂ ਜੱਥੇਦਾਰ ਸਾਹਿਬਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਹਾਡੇ ਮੰਦਰ ਦੇ ‘ਭੂਮੀ ਪੂਜਨ’ ਵਿੱਚ ਸ਼ਾਮਿਲ ਹੋਣ ਦਾ ਅਰਥ ਸਿੱਖ ਧਰਮ ਦੀ ਵਿਲੱਖਣਤਾ ਨੂੰ ਹਿੰਦਤਵ ਸਾਹਮਣੇ ਸੁਰੈਂਡਰ ਕਰਨਾ ਬਣੇਗਾ। ਜੱਥੇਦਾਰ ਸਾਹਿਬਾਨ, ਜੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਗਲਤੀ ਕੀਤੀ, ਤਾਂ ਅੱਜ ਭਾਵੇਂ ਤੁਸੀਂ ਵਕਤ ਦੇ ਹਾਕਮਾਂ ਦੀ ਖੁਸ਼ੀ ਹਾਸਿਲ ਕਰ ਲਵੋਂ, ਪਰ ਆਣ ਵਾਲੇ ਸਮੇਂ ਵਿੱਚ ਲਿਖਿਆ ਜਾਣ ਵਾਲਾ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ ।

  • 782
  •  
  •  
  •  
  •