ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਰਾਮ ਮੰਦਰ ਆਉਣ ਦਾ ਸੱਦਾ

5 ਅਗਸਤ ਨੂੰ ਅਯੁੱਧਿਆ ‘ਚ ਹੋ ਰਹੇ ਰਾਮ ਮੰਦਰ ਨਿਰਮਾਣ ਦੇ ਵੱਡੇ ਸਮਾਗਮ ‘ਚ ਸ਼ਿਰਕਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ। ਇਹ ਸੱਦਾ ਪੱਤਰ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰਾਂ ਵਲੋਂ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਦਿੱਤਾ ਗਿਆ।

ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਪ੍ਰਚਾਰਕ ਡਾ. ਸੰਦੀਪ ਸਿੰਘ ਅਤੇ ਕਈ ਹੋਰ ਆਗੂ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਅਤੇ ਉਨ੍ਹਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗ਼ੈਰ-ਹਾਜ਼ਰੀ ‘ਚ ਇਹ ਸੱਦਾ ਪੱਤਰ ਉਨ੍ਹਾਂ ਦੇ ਦਫ਼ਤਰ ‘ਚ ਮੌਜੂਦ ਅਧਿਕਾਰੀ ਨੂੰ ਦਿੱਤਾ। ਇਸ ਮੌਕੇ ਸੰਦੀਪ ਸਿੰਘ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਦੀ ਸ਼ੁਰੂਆਤ ਮੌਕੇ ਹੋ ਰਹੇ ਸਮਾਗਮ ‘ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰ ਰਹੇ ਹਨ, ਉੱਥੇ ਕਈ ਧਰਮਾਂ ਨਾਲ ਸੰਬੰਧਿਤ ਮੁੱਖ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਹੋਣ ਜਾ ਰਹੇ ਸਮਾਗਮ ‘ਚ ਦੇਸ਼ ਦੇ ਗਿਣੇ-ਚੁਣੇ ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ, ਜਿਨ੍ਹਾਂ ‘ਚ ਸਿੱਖਾਂ ਦੀ ਅਗਵਾਈ ਕਰ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਥੇਦਾਰ ਸਾਹਿਬ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਉੱਥੇ ਹੋ ਰਹੇ ਸਮਾਗਮ ‘ਚ ਜ਼ਰੂਰ ਜਾਣਗੇ। ਸੱਦਾ ਦੇਣ ਆਏ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਅਯੁੱਧਿਆ ਦੇ ਇੱਕ ਗੁਰਦੁਆਰੇ ‘ਚ ਸ੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ 5 ਅਗਸਤ ਨੂੰ ਪੈਣਗੇ। ਅਰਦਾਸ ਉਪਰੰਤ ਹੋਣ ਵਾਲੇ ਸਮਾਗਮ ‘ਚ ਜਥੇਦਾਰ ਕੌਮ ਨੂੰ ਸੰਦੇਸ਼ ਵੀ ਦੇਣਗੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਫਿਲਹਾਲ ਕੋਈ ਸੱਦਾ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਦੇ ਨਿੱਜੀ ਸਹਾਇਕ ਦਰਸ਼ਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੱਦਾ ਪੱਤਰ ਮਿਲਣ ਮਗਰੋਂ ਹੀ ਇਸ ਸਬੰਧੀ ਅਗਲਾ ਫ਼ੈਸਲਾ ਕੀਤਾ ਜਾਵੇਗਾ।

  • 178
  •  
  •  
  •  
  •