WHO ਦੀ ਚਿਤਾਵਨੀ- ‘ਹਾਲੇ ਲੰਬੀ ਚੱਲੇਗੀ ਮਹਾਂਮਾਰੀ’

ਵਿਸ਼ਵ ਸਿਹਤ ਸੰਗਠਨ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਫ਼ੀ ਸਮੇਂ ਤੱਕ ਚੱਲਣ ਵਾਲੀ ਹੈ ਅਤੇ ਇਸ ਦੇ ਖਿਲਾਫ਼ ਪ੍ਰਤੀਕਿਰਿਆ ਦੇਣ ਵਿਚ ਸੁਸਤੀ ਆ ਸਕਦੀ ਹੈ। 6 ਮਹੀਨੇ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਗਲੋਬਲ ਐਮਰਜੈਂਸੀ ਐਲਾਨਿਆ ਸੀ। ਹੁਣ ਤੱਕ ਇਸ ਮਹਾਂਮਾਰੀ ਨੇ ਦੁਨੀਆਂ ਭਰ ਵਿਚ 6.8 ਲੱਖ ਤੋਂ ਵੱਧ ਲੋਕਾਂ ਦੀ ਜਾਨ ਲਈ ਹੈ।

ਕੋਰੋਨਾ ਕਾਰਨ ਕਈ ਦੇਸ਼ ਆਰਥਿਕ ਸੰਕਟ ਦਾ ਸਾਹਮਣਾ ਵੀ ਕਰ ਰਹੇ ਹਨ ਪਰ ਵਾਇਰਸ ਕਾਰਨ ਉਹ ਲੌਕਡਾਊਨ ਲਗਾਉਣ ਲਈ ਮਜਬੂਰ ਹਨ। ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਕਮੇਟੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਇਸ ਮਹਾਂਮਾਰੀ ਦੇ ਜ਼ਿਆਦਾ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ ਅਤੇ ਅਜਿਹੇ ਵਿਚ ਰਾਸ਼ਟਰੀ, ਖੇਤਰੀ ਅਤੇ ਗਲੋਬਲ ਪੱਧਰ ‘ਤੇ ਯਤਨਾਂ ਦੀ ਲੋੜ ਹੈ।

ਡਬਲਿਯੂਐਚਓ ਦੇ ਹਾਲ ਹੀ ਵਿਚ ਆਏ ਬਿਆਨ ਅਨੁਸਾਰ ਕੋਰੋਨਾ ਵਾਇਰਸ ਦੇ ਖਤਰੇ ਦਾ ਪੱਧਰ ਬਹੁਤ ਜ਼ਿਆਦਾ ਦੱਸਿਆ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਜਿੱਥੇ ਪੱਛਮੀ ਦੇਸ਼ ਫਿਰ ਤੋਂ ਲੌਕਡਾਊਨ ਵੱਲ ਪਰਤ ਰਹੇ ਹਨ ਤਾਂ ਦੂਜੇ ਪਾਸੇ ਉਹਨਾਂ ਨੂੰ ਆਰਥਕ ਸੁਸਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਮਹਾਂਮਾਰੀ ਦਾ ਅਸਰ ਆਉਣ ਵਾਲੇ ਦਹਾਕਿਆਂ ਵਿਚ ਦੇਖਿਆ ਜਾਵੇਗਾ।

ਏਸ਼ੀਆ ਵਿਚ ਹਾਲਾਤ ਹੋਰ ਵੀ ਚਿੰਤਾਜਨਕ ਹੋਣ ਜਾ ਰਹੇ ਹਨ। ਸਖ਼ਤ ਪਾਬੰਦੀਆਂ ਦੇ ਬਾਵਜੂਦ ਭਾਰਤ ਵਿਚ ਇਕ ਦਿਨ ‘ਚ 50 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦੇਖੇ ਜਾ ਰਹੇ ਹਨ। ਦੂਜੇ ਪਾਸੇ ਜਪਾਨ ਅਤੇ ਓਕਿਨਾਵਾ ਵਿਚ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐਮਰਜੈਂਸੀ ਦਾ ਐਲ਼ਾਨ ਕਰ ਦਿੱਤਾ ਗਿਆ ਹੈ।

  • 94
  •  
  •  
  •  
  •