ਕੋਰੋਨਾ ਮਹਾਂਮਾਰੀ ਕਾਰਨ 1.6 ਅਰਬ ਵਿਦਿਆਰਥੀ ਹੋਏ ਪ੍ਰਭਾਵਿਤ

ਸੰਯੁਕਤ ਰਾਸ਼ਟਰ ਨੇ ਚਿਤਾਵਨੀ ਜਾਰੀ ਕਰ ਕੇ ਕਿਹਾ ਹੈ ਕਿ ਕੋਰੋਨਾ ਵਾਇਰਸ ਅਤੇ ਦੁਨੀਆਂ ਭਰ ਵਿਚ ਲੌਕਡਾਊਨ ਦੇ ਚਲਦਿਆਂ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਹੈ ਕਿ ਕੋਰੋਨਾ ਦੇ ਚਲਦਿਆਂ 1.6 ਅਰਬ ਵਿਦਿਆਰਥੀਆਂ ਦੀ ਪੜ੍ਹਾਈ ਜਾਂ ਤਾ ਰੁਕ ਗਈ ਹੈ ਜਾਂ ਫਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਉਹਨਾਂ ਨੇ ਕਿਹਾ ਕਿ ਇਸ ਦਾ ਨਤੀਜਾ ਇਹ ਹੋਵੇਗਾ ਕਿ ਆਰਥਕ ਰੂਪ ਤੋਂ ਕਮਜ਼ੋਰ ਮਾਹੌਲ ਵਿਚ ਰਹਿ ਰਹੇ 2.38 ਕਰੋੜ ਬੱਚੇ ਅਗਲੇ ਸਾਲ ਸਕੂਲ ਦੀ ਪੜ੍ਹਾਈ ਵਿਚਕਾਰ ਹੀ ਛੱਡ ਸਕਦੇ ਹਨ। ਗੁਤਾਰੇਸ ਨੇ ਦੁਨੀਆਂ ਵਿਚ ਸਿੱਖਿਆ ਦੇ ਹਲਾਤਾਂ ਵਿਚ ਆਏ ਬਦਲਾਅ ਸਬੰਧੀ ਇਕ ਦਸਤਾਵੇਜ਼ ਜਾਰੀ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਇਤਿਹਾਸ ਵਿਚ ਸਿੱਖਿਆ ਦੇ ਖੇਤਰ ਵਿਚ ਹੁਣ ਤੱਕ ਦੀ ਸਭ ਤੋਂ ਲੰਬੀ ਰੁਕਾਵਟ ਪੈਦਾ ਕੀਤੀ ਹੈ।

ਇਸ ਦਸਤਾਵੇਜ਼ ਨੂੰ ਜਾਰੀ ਕਰਦੇ ਹੋਏ ਉਹਨਾਂ ਕਿਹਾ, ‘ਸਿੱਖਿਆ ਨਿੱਜੀ ਵਿਕਾਸ ਅਤੇ ਸਮਾਜ ਦੇ ਭਵਿੱਖ ਦੀ ਕੁੰਜੀ ਹੈ। ਇਹ ਅਵਸਰ ਪੈਦਾ ਕਰਦੀ ਹੈ ਅਤੇ ਅਸਮਾਨਤਾ ਨੂੰ ਦੂਰ ਕਰਦੀ ਹੈ’। ਉਹਨਾਂ ਨੇ ਕਿਹਾ ਕਿ ਮਹਾਂਮਾਰੀ ਦੌਰਾਨ 160 ਤੋਂ ਜ਼ਿਆਦਾ ਦੇਸ਼ਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ, ਜਿਸ ਨਾਲ ਇਕ ਅਰਬ ਤੋਂ ਜ਼ਿਆਦਾ ਵਿਦਿਆਰਥੀ ਪ੍ਰਭਾਵਿਤ ਹੋਏ ਅਤੇ ਦੁਨੀਆਂ ਭਰ ਵਿਚ ਘੱਟੋ ਘੱਟ ਚਾਰ ਕਰੋੜ ਬੱਚੇ ਅਪਣੇ ਸਕੂਲ ਦੇ ਸ਼ੁਰੂਆਤੀ ਸਮੇਂ ਵਿਚ ਹੀ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ।

ਗੁਤਾਰੇਸ ਅਨੁਸਾਰ ਮਹਾਂਮਾਰੀ ਨੇ ਸਿੱਖਿਆ ਵਿਚ ਅਸਮਾਨਤਾ ਨੂੰ ਵਧਾਇਆ ਹੈ ਅਤੇ ਲੰਬੇ ਸਮੇਂ ਤੱਕ ਸਕੂਲਾਂ ਦੇ ਬੰਦ ਰਹਿਣ ਨਾਲ ਪੜ੍ਹਾਈ ਨੂੰ ਹੋਏ ਨੁਕਸਾਨ ਨਾਲ ਪਿਛਲੇ ਕੁਝ ਦਹਾਕਿਆਂ ਵਿਚ ਹੋਇਆ ਵਿਕਾਸ ਬੇਕਾਰ ਹੋਣ ਦਾ ਖਤਰਾ ਹੈ। ਯੂਐਨ ਮੁਖੀ ਨੇ ਕਿਹਾ ਕਿ ਦੁਨੀਆਂ ਪਹਿਲਾਂ ਹੀ ਸਿੱਖਿਆ ਸੰਕਟ ਨਾਲ ਜੂਝ ਰਹੀ ਹੈ। ਮਹਾਂਮਾਰੀ ਤੋਂ ਪਹਿਲਾਂ ਵੀ 25 ਕਰੋੜ ਤੋਂ ਜ਼ਿਆਦਾ ਬੱਚੇ ਸਕੂਲ ਨਹੀਂ ਜਾ ਪਾ ਰਹੇ ਸੀ।

  • 58
  •  
  •  
  •  
  •