ਇਕਬਾਲ ਸਿੰਘ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੱਦਿਆ ਜਾਵੇ: ਪਰਮਜੀਤ ਸਿੰਘ ਸਰਨਾ
ਨਵੀਂ ਦਿੱਲੀ- (ਮਨਪ੍ਰੀਤ ਸਿੰਘ ਖਾਲਸਾ):- ਬੀਤੀ 5 ਅਗਸਤ ਨੂੰ ਅਯੋਧਿਆ ਅੰਦਰ ਰਾਮ ਮੰਦਿਰ ਦੇ ਭੂਮੀ ਪੂਜਨ ਵਿਚ ਸਿੱਖ ਅਸੂਲਾਂ ਦੀ ਉਲੰਘਣਾਂ ਕਰਦੇ ਹੋਏ ਉੱਥੇ ਪਹੁੰਚੇ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਇਕਬਾਲ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਸਿੱਖ ਗੁਰੂਆਂ ਨੂੰ ਲਵ-ਕੁਸ਼ ਦੀ ਵੰਸ਼ ਕਹਿ ਕੇ ਕੌਮ ਦਾ ਅਪਮਾਨ ਕਰ ਦਿੱਤਾ ਹੈ । ਇਸ ਮਾਮਲੇ ਤੇ ਸ਼੍ਰੌਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਮਨਘੜਤ ਇਤਿਹਾਸ ਤੁਸੀ ਮੀਡੀਆ ਸਾਹਮਣੇ ਬੋਲਿਆ ਹੈ ਉਸ ਦਾ ਸਿੱਖ ਇਤਿਹਾਸ ਵਿਚ ਕੋਈ ਪ੍ਰਮਾਣ ਹੈ ਤਾਂ ਦਸਿਆ ਜਾਏ ।

ਉਨ੍ਹਾਂ ਕਿਹਾ ਕਿ ਗਿਆਨੀ ਜੀ ਨੂੰ ਮਰਿਆਦਾ ਭੰਗ ਕਰਨ ਅਤੇ ਹੋਰ ਕਈ ਦੋਸ਼ਾਂ ਅਧੀਨ ਪਟਨਾ ਸਾਹਿਬ ਦੀ ਜੱਥੇਦਾਰੀ ਤੋਂ ਫਾਰਗ ਕੀਤਾ ਗਿਆ ਸੀ ਜਿਸ ਕਰਕੇ ਇਹ ਕਿਸੇ ਵੀ ਹਾਲਾਤ ਅੰਦਰ ਸਿੱਖ ਕੌਮ ਦੇ ਨੁਮਾਇੰਦੇ ਨਹੀ ਕਹਿਲਾਏ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿਹੜੇ ਇਤਿਹਾਸ ਅੰਦਰ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਬੇਦੀ ਕੁਲ ਵਿਚੋਂ ਅਤੇ ਦਸਮ ਪਾਤਸਾਹ ਲਵਕੁਸ਼ ਦੀ ਵੰਸ਼ਜ ਹਨ? ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਦੀਂ ਹੈ ਉਸ ਵਕਤ ਸਾਡਾ ਸਾਰਾ ਪਿਛੌਕੜ ਖਤਮ ਹੋ ਜਾਦਾਂ ਹੈ ਤੇ ਅਸੀ ਸਿਰਫ ਗੁਰੂ ਵਾਲੇ ਬਣ ਕੇ ਜਾਤ ਪਾਤ ਤੋਂ ਉਪਰ ਉਠ ਜਾਦੇਂ ਹਾਂ ।

ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ, ਸ਼੍ਰੌਮਣੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਂਵਾਲ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਨੂੰ ਇਸ ਮਾਮਲੇ ਵਿਚ ਅਪਣਾ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਹੈ । ਉਨ੍ਹਾਂ ਕਿਹਾ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਸੰਕੋਚ ਕਰੇ ਜਿਸ ਨਾਲ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਅੰਤ ਵਿਚ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਅਤ ਸੰਜੀਦੇ ਮਾਮਲੇ ਨੂੰ ਪਹਿਲ ਦੇ ਤੌਰ ਤੇ ਸੁਲਝਾਉਣ ਲਈ ਕਿਹਾ ।
1.4K