ਬਾਹਰਲੇ ਮੁਲਕਾਂ ‘ਚ ਇਹਨਾਂ ਪੰਜਾਬੀ ਵਿਦਿਆਰਥੀਆਂ ਦੀ ਇਮਾਨਦਾਰੀ ਨੇ ਵਧਾਇਆ ਭਾਈਚਾਰੇ ਦਾ ਮਾਣ

ਪਹਿਲੀ ਘਟਨਾ ਨਿਊਜ਼ੀਲੈਂਡ ਦੀ ਹੈ ਜਿੱਥੇ ਲਾਕਡਾਊਨ ਤੋਂ ਪਹਿਲਾਂ ਨਿਊਜ਼ੀਲੈਂਡ ਪੜ੍ਹਨ ਗਈਆਂ ਦੋ ਪੰਜਾਬਣਾਂ ਨੇ ਆਪਣੀ ਇਮਾਨਦਾਰੀ ਨਾਲ ਸਭ ਨੂੰ ਆਪਣੇ ਮੁਰੀਦ ਬਣਾ ਲਿਆ। ਪੁਲਿਸ ਤੇ ਆਮ ਲੋਕ ਵੀ ਉਨ੍ਹਾਂ ਦੀਆਂ ਸਿਫਤਾਂ ਕਰ ਰਹੇ ਹਨ।

ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਾਜਵੀਰ ਕੌਰ ਤੇ ਸੰਗਰੂਰ ਦੇ ਦਿੜਬਾ ਦੀ ਸੁਹਜਵੀਰ ਕੌਰ ਨਿਊਜ਼ੀਲੈਂਡ ‘ਚ ਪੜ੍ਹ ਰਹੀਆਂ ਹਨ ਤੇ ਉਨ੍ਹਾਂ ਨੂੰ ਬੀਤੇ ਦਿਨੀਂ ਹੈਮਿਲਟਰ ਸ਼ਹਿਰ ਦੀ ਸੜਕ ‘ਤੇ ਡਿੱਗਿਆ ਇਕ ਲਿਫਾਫਾ ਲੱਭਿਆ, ਜਿਸ ਵਿਚ 22 ਹਜ਼ਾਰ ਡਾਲਰ ਸਨ। ਉਨ੍ਹਾਂ ਨੇ ਪ੍ਰੋਫੈਸਰ ਤੇ ਪੁਲਸ ਦੀ ਮਦਦ ਨਾਲ ਪੈਸਿਆਂ ਨੂੰ ਉਸ ਦੇ ਮਾਲਕ ਤੱਕ ਪਹੁੰਚਾਇਆ। ਮਾਲਕ ਨੇ ਖੁਸ਼ ਹੋ ਕੇ ਉਨ੍ਹਾਂ ਨੂੰ 100-100 ਡਾਲਰ ਦਾ ਇਨਾਮ ਦਿੱਤਾ। ਨਿਊਜ਼ੀਲੈਂਡ ਦੀ ਪੁਲਸ ਨੇ ਫੇਸਬੁੱਕ ‘ਤੇ ਲਿਖਿਆ-“ਪੰਜਾਬੀ ਭਾਈਚਾਰੇ ਦੇ ਲੋਕ ਮਿਹਨਤੀ ਤੇ ਈਮਾਨਦਾਰ ਹੁੰਦੇ ਹਨ, ਅੱਜ ਦੇਖ ਵੀ ਲਿਆ। ਇਨ੍ਹਾਂ 18-19 ਸਾਲ ਦੀਆਂ ਕੁੜੀਆਂ ਦੀ ਈਮਾਨਦਾਰੀ ਉਨ੍ਹਾਂ ਦੇ ਮਾਂ-ਬਾਪ ਦੀ ਚੰਗੀ ਪਰਵਰਿਸ਼ ਦਾ ਨਤੀਜਾ ਹੈ।”

ਪੰਜਾਬਣਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ਦੇ ਰਾਹ ਵਿਚ ਇਕ ਲਿਫਾਫਾ ਮਿਲਿਆ ਜਿਸ ‘ਤੇ ਨਿਊਜ਼ੀਲੈਂਡ ਦੀ ਬੈਂਕ ਦਾ ਨਾਂ ਲਿਖਿਆ ਸੀ। ਸ਼ਹਿਰ ਵਿਚ ਨਵੀਆਂ ਹੋਣ ਕਾਰਨ ਉਨ੍ਹਾਂ ਨੇ ਆਪਣੇ ਪ੍ਰੋਫੈਸਰ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਨੇ ਪੁਲਸ ਦੀ ਮਦਦ ਨਾਲ ਪੈਸਿਆਂ ਦੇ ਮਾਲਕ ਨੂੰ ਪੈਸੇ ਵਾਪਸ ਦਿੱਤੇ। ਮਾਲਕ ਉਨ੍ਹਾਂ ਦੀ ਈਮਾਨਦਾਰੀ ਦੇਖ ਕੇ ਬਹੁਤ ਖੁਸ਼ ਹੋਇਆ ਤੇ ਅੰਗਰੇਜ਼ੀ ਵਿਚ ਕਿਹਾ- ਇਮਾਨਦਾਰ ਪੰਜਾਬ ਦੀਆਂ ਕੁੜੀਆਂ। ਉਸ ਨੇ ਪੁਲਸ ਤੇ ਪ੍ਰੋਫੈਸਰ ਦੇ ਸਾਹਮਣੇ ਕੁੜੀਆਂ ਨੂੰ 100-100 ਡਾਲਰ (5000-5000 ਰੁਪਏ) ਦਿੱਤੇ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਇਮਾਨਦਾਰੀ ਨੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ।

ਦੂਸਰੀ ਘਟਨਾ ਕੈਨੇਡਾ ਦੇ ਸ਼ਹਿਰ ਸਰੀ ਦੀ ਹੈ। ਜਿੱਥੇ ਉੱਪਰ ਫੋਟੋ ਵਿਚ ਦਿਖ ਰਿਹਾ ਇਹ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ‘ਸਕਿਪ ਦਾ ਡਿਸ਼ਜ਼’ ਵਾਸਤੇ ਡਲਿਵਰੀਆਂ ਕਰ ਰਿਹਾ ਸੀ ਕਿ ਲੈਂਗਲੀ ਇੱਕ ਸਟੌਪ ਸਾਈਨ ‘ਤੇ ਇਸਨੂੰ ਇੱਕ ਬਟੂਆ ਡਿਗਿਆ ਮਿਲਿਆ।

ਬਟੂਆ ਚੁੱਕਿਆ ਤਾਂ ਵਿੱਚੋਂ ਕਰੈਡਿਟ ਕਾਰਡਾਂ ਸਮੇਤ ਚਾਰ ਹਜ਼ਾਰ ਤੋਂ ਵੱਧ ਡਾਲਰ ਮਿਲੇ। ਕੰਮ ਮੁਕਾ ਕੇ ਬਟੂਏ ‘ਚੋਂ ਮਿਲੇ ਪਤੇ ‘ਤੇ ਪੁੱਜਾ ਤਾਂ ਕੁਝ ਨਾ ਮਿਲਿਆ। ਬਟੂਏ ਵਿੱਚ ਮਿਲੇ ਕਾਰਡਾਂ ਤੋਂ ਮਿਲੇ ਫ਼ੋਨ ‘ਤੇ ਸੰਪਰਕ ਕੀਤਾ ਤਾਂ ਕਿਸੇ ਨੇ ਚੁੱਕਿਆ ਨਾ। ਫਿਰ ਦੂਜੇ ਦਿਨ ਬਟੂਏ ਦੇ ਮਾਲਕ ਨਾਲ ਸੰਪਰਕ ਹੋਇਆ।

ਜਦ ਬਟੂਆ ਦੇਣ ਲੱਗਾ ਤਾਂ ਉਸ ਇਰਾਨੀ ਵਿਅਕਤੀ ਨੇ ਅੱਖਾਂ ਭਰ ਲਈਆਂ। ਧੰਨਵਾਦ ਕੀਤਾ ਤੇ ਨਾਂਹ ਕਰਨ ਦੇ ਬਾਵਜੂਦ ਕੁਝ ਪੈਸੇ ਧੱਕੇ ਨਾਲ ਇਸ ਨੌਜਵਾਨ ਨੂੰ ਦਿੱਤੇ। ਇਮਾਨਦਾਰੀ ਦੀ ਜ਼ਿੰਦਾ ਮਿਸਾਲ ਇਸ ਨੌਜਵਾਨ ਦਾ ਨਾਮ ਹਰਿੰਦਰ ਸਿੰਘ, ਪਿੰਡ ਪੁਰਾਣੇਵਾਲਾ (ਮੋਗਾ) ਹੈ। ਇਹੋ ਜਿਹੇ ਲੋਕ ਹੀ ਕਿਸੇ ਕੌਮ ਤੇ ਭਾਈਚਾਰੇ ਦਾ ਚਰਿੱਤਰ ਘੜਦੇ ਹਨ।

ਇਹਨਾਂ ਦੋਵਾਂ ਘਟਨਾਵਾਂ ਵਾਲੇ ਵਿਦਿਆਰਥੀਆਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਹੈ ਤੇ ਭਾਈਚਾਰੇ ਲਈ ਮਾਣ ਖੱਟਿਆ ਹੈ।

  • 82
  •  
  •  
  •  
  •