ਅਮਰੀਕਾ: ਸਿੱਖ ਨੌਜਵਾਨ ਨੇ ਆਪਣੀ ਜਾਨ ਦੇ ਕੇ ਬਚਾਈ ਤਿੰਨ ਬੱਚਿਆਂ ਦੀ ਜਾਨ
ਬੁੱਧਵਾਰ ਸ਼ਾਮ ਨੂੰ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਰੀਡਲੇ ਬੀਚ ਤੇ ਤਿੰਨ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਫਰੈਜਨੋ ਨਿਵਾਸੀ ਮਨਜੀਤ ਸਿੰਘ (29) ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਅਨੁਸਾਰ ਕਿੰਗਜ਼ ਰਿਵਰ ਵਿੱਚ ਤਿੰਨ ਮੈਕਸੀਕਨ ਮੂਲ ਦੇ ਬੱਚੇ ਨਦੀ ਵਿੱਚ ਡੁੱਬ ਰਹੇ ਸਨ ਅਤੇ ਮਦਦ ਲਈ ਚੀਕ ਰਹੇ ਸਨ, ਜਿਨ੍ਹਾਂ ਦੀ ਚੀਕਾਂ ਸੁਣ ਮਨਜੀਤ ਸਿੰਘ ਨੇ ਕਿੰਗਜ਼ ਨਦੀ ਵਿਚ ਛਾਲ ਮਾਰ ਦਿੱਤੀ, ਅਤੇ ਉਸ ਨੇ ਤਿੰਨਾਂ ਬੱਚਿਆਂ ਨੂੰ ਤਾਂ ਬਚਾ ਲਿਆ ਪਰ ਆਪ ਪਾਣੀ ‘ਚ ਡੁੱਬ ਗਿਆ।

ਮਿਲੀ ਜਾਣਕਾਰੀ ਅਨੁਸਾਰ ਮਨਜੀਤ ਨੇ ਦੋ ਬੱਚਿਆ ਨੂੰ ਇਸ ਨੇ ਸੁਰੱਖਿਅਤ ਬਾਹਰ ਕੱਢ ਲਿਆ ਸੀ ਅਤੇ ਤੀਸਰੇ ਬੱਚੇ ਨੂੰ ਲੱਭਦਾ ਖੁਦ ਡੁੱਬ ਗਿਆ। ਤੀਜਾ ਬੱਚਾ ਹਸਪਤਾਲ ‘ਚ ਦਾਖਲ ਹੈ ਜੋ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਮਨਜੀਤ ਸਿੰਘ ਦੋ ਸਾਲ ਪਹਿਲਾਂ ਹੀ ਪੰਜਾਬ ਤੋਂ ਅਮਰੀਕਾ ਗਿਆ ਸੀ। ਮਨਜੀਤ ਸਿੰਘ ਦੀ ਮੌਤ ਕਾਰਨ ਸਮੁੱਚੇ ਭਾਈਚਾਰੇ ‘ਚ ਸੋਗ ਦੀ ਲਹਿਰ ਹੈ ਪਰ ਉਸ ਦੇ ਪਰਉਪਕਾਰੀ ਕਾਰਨਾਮੇ ਦੀ ਸਿਫ਼ਤ ਵੀ ਹੋ ਰਹੀ ਹੈ।

ਮਨਜੀਤ ਟਰੱਕ ਸਿਖਲਾਈ ਸਕੂਲ ਤੋਂ ਲਾਈਸੈਂਸ ਲੈਣ ਲਈ ਸਿਖਲਾਈ ਲੈ ਰਿਹਾ ਸੀ। ਆਪਣੀ ਦਿਨ ਦੀ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਮਨਜੀਤ ਆਪਣੇ ਕਿਸੇ ਰਿਸ਼ਤੇਦਾਰ ਨਾਲ ਕਿੰਗਜ਼ ਰਿਵਰ ‘ਤੇ ਘੁੰਮਣ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਬੱਚਿਆਂ ਦੀਆਂ ਚੀਕਾਂ ਸੁਣੀਆਂ ਅਤੇ ਉਸ ਨਾਲ ਇਹ ਭਾਣਾ ਵਾਪਰ ਗਿਆ।
ਮਨਜੀਤ ਸਿੰਘ ਨੂੰ ਲੱਭਣ ਲਈ ਰੇਸਕਿਊਟੀਮ ਨੂੰ 40 ਮਿੰਟ ਲੱਗੇ। ਜਿਸ ਤੋਂ ਬਾਅਦ ਉਸ ਨੂੰ ਜਲਦੀ ਦੇ ਨਾਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
331