ਮੱਧ ਪ੍ਰਦੇਸ਼ ਪੁਲਿਸ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ, ਪੱਗ ਲਾਹ ਕੇ ਕੇਸਾਂ ਤੋਂ ਘਸੀਟਿਆ

ਮੱਧ-ਪ੍ਰਦੇਸ਼ ਵਿੱਚ ਸਿੱਖਾਂ ਉੱਤੇ ਪੁਲਸੀਆ ਜ਼ੁਲਮ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਵਿੱਚ ਮੱਧ ਪ੍ਰਦੇਸ ਦੇ ਜਿਲ੍ਹਾ ਬਰਵਾਨੀ ਦੀ ਤਹਿਸੀਲ ਰਾਜਪੁਰ ਦੇ ਪਿੰਡ ਪਲਸੂਦ ਦੇ ਸਰਦਾਰ ਪ੍ਰੇਮ ਸਿੰਘ ਗਿਆਨੀ ਨੂੰ 6 ਅਗਸਤ 2020 ਨੂੰ ਥਾਨਾ ਨਾਂਗਲਵਾੜੀ ਤੋਂ ਆਏ ਪੁਲਿਸ ਕਰਮੀਆਂ ਭਟਨਾਗਰ, ਕਨਿਕਾ ਅਤੇ ਕਨਿਸ਼ਕਾ ਨੇ ਸਰੇ-ਬਜਾਰ ਕੁੱਟਮਾਰ ਕਰਦਿਆਂ ਪੱਗ ਲਾਹ ਕੇ ਕੇਸਾਂ ਤੋਂ ਫੜ ਕੇ ਘਸੀਟਿਆ ਗਿਆ। ਇਸ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਸਿਕਲੀਗਰ ਸਿੱਖ ਨੌਜਵਾਨ ਪ੍ਰੇਮ ਸਿੰਘ ਦੇ ਦੱਸਣ ਮੁਤਾਬਿਕ ਉਹ ਜਿੰਦਾ ਕੁੰਜੀ ਬਣਾਉਣ ਦਾ ਆਪਣਾ ਪੁਸ਼ਤੈਨੀ ਧੰਦਾ ਕਰਦਾ ਹੈ ਅਤੇ ਘਟਨਾ ਵਾਲੇ ਦਿਨ ਉਸ ਨੇ ਪੁਰਾਣੀ ਪੁਲਸ ਚੌਂਕੀ ਦੇ ਸਾਹਮਣੇ ਆਪਣੀ ਜਿੰਦਾ ਕੁੰਜੀ ਦੀ ਦੁਕਾਨ ਲਾਈ ਹੋਈ ਸੀ ਤਾਂ ਉਥੇ ਕੁੱਝ ਪੁਲਸ ਵਾਲੇ ਆਏ ਅਤੇ ਉਸ ਕੋਲੋਂ ਪੈਸੇ ਮੰਗਣ ਲੱਗੇ। ਇਸ ‘ਤੇ ਉਸਨੇ ਪੁਲਸ ਵਾਲਿਆਂ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਇਸ ਪੁਲਸ ਵਾਲੇ ਉਸਦੀ ਬੁਰੀ ਤਰਾਂ ਕੁੱਟ-ਮਾਰ ਕਰਨ ਲੱਗੇ, ਪੁਲਸ ਵਾਲਿਆਂ ਨੇ ਉਸਦੀ ਪੱਗ ਲਾਹ ਦਿੱਤੀ ਅਤੇ ਕੇਸਾਂ ਦੀ ਬੇਅਦਬੀ ਕੀਤੀ।

ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਐੱਸ.ਪੀ. ਦਾ ਕਹਿਣਾ ਹੈ ਕਿ ਪੁਲਸ ਵਲੋਂ ਚਲਾਨੀ ਕਾਰਵਾਈ ਕੀਤੀ ਜਾ ਰਹੀ ਸੀ, ਇਸੇ ਕਾਰਨ ਪ੍ਰੇਮ ਸਿੰਘ ਨੂੰ ਵੀ ਰੋਕਿਆ ਗਿਆ ਸੀ। ਇਹ ਪੁਲਸ ਨਾਲ ਝਗੜਾ ਕਰਨ ਲੱਗ ਪਿਆ। ਐਸ.ਪੀ ਨੇ ਇਹ ਵੀ ਕਹਿ ਦਿੱਤਾ ਕਿ ਇਸ ਸਿਗਲੀਗਰ ਨੌਜਵਾਨ ‘ਤੇ ਜੱਬਲਪੁਰ ‘ਚ ਚੋਰੀ ਦੇ ਤਿੰਨ ਪਰਚੇ ਦਰਜ ਹਨ ਅਤੇ ਉਸਦੇ ਨਾਲ ਦੇ ਨੌਜਵਾਨ ਦੀ ਸਰਾਬ ਪੀਤੀ ਹੋਈ ਸੀ।

ਭਾਵੇ ਐਸ.ਪੀ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਹੈ, ਪਰ ਜਿਸ ਤਰ੍ਹਾ ਐਸ.ਪੀ ਨੇ ਪਹਿਲਾਂ ਹੀ ਸਿਗਲੀਗਰ ਨੌਜਵਾਨ ਪ੍ਰੇਮ ਸਿੰਘ ਨੂੰ ਦੋਸ਼ੀ ਠਹਿਰਾ ਦਿੱਤਾ ਹੈ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਜਾਂਚ ਵੀ ਮਹਿਜ ਖਾਨਾਪੂਰਤੀ ਹੀ ਹੋਵੇਗੀ । ਉਧਰ 6 ਅਗਸਤ ਨੂੰ ਹੀ ਥਾਣਾ ਪਰਵਾੜੀ ਦੇ ਪੁਲਸ ਕਰਮੀ ਬੰਟੀ ਪਾਟਿਲ ਅਤੇ ਬੰਸੀ ਲਾਲ ਰਾਵਤ ਵੱਲੋਂ ਵੀ ਸਿਗਲੀਗਰ ਸਿੱਖ ਨਿਸ਼ਾਨ ਸਿੰਘ, ਬੱਬਲੂ ਸਿੰਘ ਅਤੇ ਸਿਕੰਦਰ ਸਿੰਘ ਆਦਿ ਦੀ ਥਾਣੇ ਵਿੱਚ ਲੈ ਜਾ ਕੇ ਬੜੀ ਬੇਰਹਿਮੀ ਨਾਲ ਮਾਰ ਕੁਟਾਈ ਕੀਤੀ ਹੈ।

ਭਾਵੇਂ ਮੱਧ ਪ੍ਰਦੇਸ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਕਮਲਨਾਥ ਦੇ ਕਾਰਜਕਾਲ ਦੌਰਾਨ ਵੀ ਮੱਧ ਪ੍ਰਦੇਸ ਵਿੱਚ ਸਿੱਖਾਂ ‘ਤੇ ਜਬਰ ਦਾ ਕੁਹਾੜਾ ਇਸੇ ਤਰਾਂ ਚਲਦਾ ਰਿਹਾ ਹੈ, ਪਰ ਹੁਣ ਰਾਜਨੀਤਕ ਲਾਹਾ ਲੈਣ ਲਈ ਕਮਲਨਾਥ ਵੱਲੋਂ ਵੀ ਨੌਜਵਾਨ ਪ੍ਰੇਮ ਸਿੰਘ ਗਿਆਨੀ ਦੀ ਮੱਧ ਪ੍ਰਦੇਸ ਪੁਲਸ ਵੱਲੋਂ ਕੀਤੀ ਕੁੱਟਮਾਰ ਅਤੇ ਪੱਗ ਲਾਹ ਕੇ ਘਸੀਟਣ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਹੈ।

ਇਸ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਗੁਰਸਿੱਖ ਨਾਲ ਦੁਰਵਿਹਾਰ ਅਤੇ ਕੇਸਾਂ ਦੀ ਤੌਹੀਨ ਨਾ ਬਰਦਾਸ਼ਤਯੋਗ ਹੈ। ਇਸ ਲਈ ਸਬੰਧਤ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • 207
  •  
  •  
  •  
  •