ਯੂਏਪੀਏ ਅਧੀਨ ਗ੍ਰਿਫਤਾਰ ਸਿੱਖ ਨੌਜਵਾਨਾਂ ਨੇ ਪੇਸ਼ੀ ਦੌਰਾਨ ਸੁਣਾਈਆਂ ਜੇਲ੍ਹ ਅੰਦਰਲੀਆਂ ਮੁਸ਼ਕਲਾਂ

ਨਵੀਂ ਦਿੱਲੀ 8 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਬੀਤੀ ਜੂਨ ਤੋਂ ਦਿੱਲੀ ਸਪੈਸ਼ਲ ਸੈਲ ਦੀ ਪੁਲਿਸ ਵਲੋਂ ਲੰਗਰ ਦੀ ਸੇਵਾ ਕਰਦੇ ਨੌਜਵਾਨਾਂ ਨੂੰ ਫੜ ਕੇ ਖਾੜਕੂ ਕਰਾਰ ਦੇਦੇਂ ਹੋਏ ਉਨ੍ਹਾਂ ਤੇ ਸੰਗੀਨ ਧਾਰਾਵਾਂ ਲਗਾ ਕੇ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਮਹਿੰਦਰਪਾਲ ਸਿੰਘ, ਲਵਪ੍ਰੀਤ ਅਤੇ ਗੁਰਤੇਜ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਏਐਸਜੇ ਧਰਮਿੰਦਰ ਰਾਣਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਮਹਿੰਦਰਪਾਲ ਸਿੰਘ ਤਿਹਾੜ੍ਹ ਜੇਲ ਦੀ 8 ਨੰ, ਲਵਪ੍ਰੀਤ ਅਤੇ ਗੁਰਤੇਜ ਮੰਡੋਲੀ ਜੇਲ੍ਹ ਅੰਦਰ ਬੰਦ ਹਨ । ਮਾਮਲੇ ਵਿਚ ਅਦਾਲਤ ਅੰਦਰ ਪੁਲਿਸ ਵਲੋਂ ਚਾਰਜਸ਼ੀਟ ਦਾਇਰ ਨਹੀ ਕੀਤੀ ਜਾ ਸਕੀ, ਜਿਸ ਕਰਕੇ ਮਾਮਲੇ ਅੰਦਰ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀ ਹੋਈ ।

ਸਿੰਘਾਂ ਵਲੋਂ ਪੇਸ਼ ਹੋਏ ਪੰਥਕ ਵਕੀਲ ਭਾਈ ਪਰਮਜੀਤ ਸਿੰਘ ਨੇ ਜੱਜ ਸਾਹਿਬ ਕੋਲੋਂ ਇਜਾਜ਼ਤ ਲੈਕੇ ਜੇਲ੍ਹਾਂ ਵਿਚ ਬੰਦ ਸਿੰਘਾਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਜੇਲ੍ਹ ਅੰਦਰ ਆ ਰਹੀ ਪ੍ਰੇਸ਼ਾਨੀਆਂ ਬਾਰੇ ਪੁੱਛਿਆ ਤਦ ਗੁਰਤੇਜ ਸਿੰਘ ਨੇ ਦਸਿਆ ਕਿ ਉਸ ਨੂੰ ਜੇਲ੍ਹ ਅੰਦਰ ਪਹਿਲੀ ਮੰਜਿਲ ਤੇ ਬੰਦ ਕੀਤਾ ਗਿਆ ਹੈ ਤੇ ਉਸਦੇ ਗੋਡੇ ਵਿਚ ਬਹੁਤ ਦਰਦ ਰਹਿੰਦਾ ਹੈ ਜਿਸ ਕਰਕੇ ਉਤਰਨ ਚੜਨ ਵਿਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ਤਦ ਵਕੀਲ ਸਾਹਿਬ ਨੇ ਉਨ੍ਹਾਂ ਨੂੰ ਜੇਲ੍ਹ ਡਾਕਟਰ ਨਾਲ ਮਿਲਕੇ ਉਨ੍ਹਾਂ ਕੋਲੋਂ ਦਵਾਈ ਲੈਣ ਬਾਰੇ ਦਸਿਆ ।

ਇਸੇ ਤਰ੍ਹਾਂ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੂੰ ਵੀ ਬਹੁਤ ਪ੍ਰੇਸ਼ਾਨੀਆਂ ਆ ਰਹੀਆਂ ਹਨ ਤੇ ਉਹ ਕਿਸ-ਕਿਸ ਬਾਰੇ ਦੱਸੇ ਅਤੇ ਮਹਿੰਦਰਪਾਲ ਸਿੰਘ ਨੇ ਵੀ ਅਪਣੀਆਂ ਦਿੱਕਤਾਂ ਦੱਸੀਆਂ । ਧਿਆਨਦੇਣ ਯੋਗ ਗਲ ਇਹ ਹੈ ਕਿ ਇਹ ਸਾਰਾ ਕੁੱਝ ਜੱਜ ਸਾਹਿਬ ਸਾਹਮਣੇ ਹੋਇਆ ਹੈ ਤੇ ਉਨ੍ਹਾਂ ਨੂੰ ਵੀ ਜੇਲ੍ਹ ਅੰਦਰ ਸਿੰਘਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਪਤਾ ਲਗਿਆ ਹੈ । ਇਸ ਮਾਮਲੇ ਦਾ ਸਭ ਤੋਂ ਵੱਡਾ ਦੁਖਦਾਇਕ ਪਹਿਲੂ ਇਹ ਹੈ ਕਿ ਗੁਰਤੇਜ ਅਤੇ ਲਵਪ੍ਰੀਤ ਦੇ ਪਰਿਵਾਰ ਆਰਥਿਕ ਪੱਖੋਂ ਐਨੇ ਮਜ਼ਬੂਰ ਹਨ ਕਿ ਉਨ੍ਹਾਂ ਕੋਲ ਦਿੱਲੀ ਆਉਣ ਲਈ ਵੀ ਪ੍ਰਬੰਧ ਨਹੀ ਹੋ ਪਾਉਂਦਾ ਹੈ। ਮਾਮਲੇ ਅੰਦਰ ਬੰਦ ਮਹਿੰਦਰਪਾਲ ਸਿੰਘ ਕਰੋਨਾ ਮਹਾਮਾਰੀ ਵਿਚ ਹਰ ਰੋਹ ਤਕਰੀਬਨ 500 ਜਰੂਰਤਮੰਦਾਂ ਲਈ ਸਵੇਰੇ ਸ਼ਾਮ ਲੰਗਰ ਦੀ ਸੇਵਾ ਦੇ ਨਾਲ ਗੁਰਦੁਆਰੇ ਅੰਦਰ ਤਬਲਾ ਵਜਾਇਆ ਕਰਦੇ ਸਨ। ਲਵਪ੍ਰੀਤ ਵੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਸੀਏਏ ਖਿਲਾਫ ਲੱਗੇ ਮੋਰਚੇ ਅੰਦਰ ਲੰਗਰ ਦੀ ਸੇਵਾ ਕਰਦਾ ਦੱਸਿਆ ਜਾ ਰਿਹਾ ਸੀ ਤੇ ਗੁਰਤੇਜ ਹਸਪਤਾਲ ਅੰਦਰ ਇਲਾਜ ਅਧੀਨ ਦਾਖਿਲ ਅਪਣੀ ਪਤਨੀ ਦੀ ਤਿਮਾਰਦਾਰੀ ਕਰ ਰਿਹਾ ਸੀ ।

ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ ।

  • 1.8K
  •  
  •  
  •  
  •