ਮੁਸਲਿਮ ਆਟੋ ਚਾਲਕ ਦੀ ‘ਮੋਦੀ ਜ਼ਿੰਦਾਬਾਦ’ ਤੇ ‘ਜੈ ਸ਼੍ਰੀ ਰਾਮ’ ਨਾ ਕਹਿਣ ‘ਤੇ ਕੀਤੀ ਕੁੱਟਮਾਰ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ‘ਚ 52 ਸਾਲਾ ਇੱਕ ਆਟੋ ਰਿਕਸ਼ਾ ਡਰਾਇਵਰ ਦੇ ਨਾਲ ਕਥਿਤ ਤੌਰ ‘ਤੇ ‘ਮੋਦੀ ਜ਼ਿੰਦਾਬਾਦ’ ਅਤੇ ‘ਜੈ ਸ਼੍ਰੀਰਾਮ’ ਦਾ ਨਾਅਰਾ ਲਗਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ 52 ਸਾਲਾ ਆਟੋ ਰਿਕਸ਼ਾ ਡਰਾਇਵਰ ਗੱਫਾਰ ਅਹਿਮਦ ਨੇ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਸੀਕਰ ਸਦਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ।

ਗੱਫਾਰ ਅਹਿਮਦ ਨੇ ਸ਼ਿਕਾਇਤ ‘ਚ ਲਿਖਵਾਇਆ ਹੈ ਕਿ ਉਹ ਕਲਿਆਣ ਸਰਕਿਲ ਏਰੀਏ ਤੋਂ ਸਵਾਰੀ ਲੈ ਕੇ ਜਿਗਰੀ ਛੋਟੀ ਪਿੰਡ ਪੁੱਜੇ ਸਨ। ਯਾਤਰੀ ਨੂੰ ਮੰਜਿਲ ‘ਤੇ ਛੱਡਣ ਤੋਂ ਬਾਅਦ ਜਦੋਂ ਉਹ ਵਾਪਸ ਪਰਤ ਰਹੇ ਸਨ, ਉਦੋਂ ਰਸਤੇ ‘ਚ ਪਿਕ-ਅਪ ਵੈਨ ‘ਚ ਬੈਠੇ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਅਤੇ ਉਹ ਰੁੱਕ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ‘ਜੈ ਸ਼੍ਰੀ ਰਾਮ’ ਅਤੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਨੂੰ ਕਿਹਾ ਗਿਆ।

ਪੁਲਿਸ ‘ਚ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਕ, ਪਿਕ-ਅਪ ਵੈਨ ‘ਚ ਬੈਠੇ ਇੱਕ ਸ਼ਖਸ ਨੇ ਗੱਫਾਰ ਅਹਿਮਦ ਨੂੰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਨੂੰ ਕਿਹਾ। ਨਾਲ ਹੀ ਉਸ ਦੇ ਮੁੰਹ ‘ਤੇ ਇੱਕ ਥੱਪੜ ਮਾਰਿਆ। ਉਸਦੇ ਬਾਅਦ ਉਸਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਨੂੰ ਕਿਹਾ, ਫਿਰ ਗੱਫਾਰ ਆਪਣਾ ਰਿਕਸ਼ਾ ਸਟਾਰਟ ਕਰ ਉੱਥੋਂ ਦੂਰ ਨਿਕਲ ਗਿਆ। ਕੁੱਝ ਅੱਗੇ ਜਾ ਕੇ ਉਨ੍ਹਾਂ ਲੋਕਾਂ ਨੇ ਚਾਲਕ ਨੂੰ ਓਵਰਟੇਕ ਕੀਤਾ ਅਤੇ ਸਾਹਮਣੇ ਤੋਂ ਹਮਲਾ ਬੋਲ ਦਿੱਤਾ।

ਗੱਫਾਰ ਦੀ ਦਾੜੀ ਪੁੱਟੀ ਗਈ ਅਤੇ ਘੜੀ ਤੇ ਹੋਰ ਨਕਦੀ ਖੋਹ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਰਿਕਸ਼ਾ ਚਾਲਕ ਗੱਫਾਰ ਬੇਹੋਸ਼ ਹੋ ਗਿਆ। ਪੁਲਿਸ ਨੇ ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ‘ਸੰਭੂ ਦਿਆਲ ਜਾਟ’ ਤੇ ‘ਰਜਿੰਦਰ ਜਾਟ’ ਵਜੋਂ ਹੋਈ ਹੈ।

  • 705
  •  
  •  
  •  
  •