ਆਰਐੱਸਐੱਸ ਨੂੰ ਚੰਗਾ ਦੱਸਣ ਵਾਲੇ ਢੀਂਡਸਾ ਦਾ ਇਰਾਦਾ ਹੋਇਆ ਜੱਗ ਜ਼ਾਹਿਰ: ਭਾਈ ਲੌਂਗੋਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸੁਖਦੇਵ ਸਿੰਘ ਢੀਂਡਸਾ ਦੇ ਆਰਐੱਸਐੱਸ ਨੂੰ ਸ਼੍ਰੋਮਣੀ ਕਮੇਟੀ ਤੋਂ ਬਿਹਤਰ ਕਹਿਣ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰ-ਸਿੱਖਾਂ ਦੀਆਂ ਸ਼ਹਾਦਤਾਂ ਨਾਲ ਹੋਂਦ ਵਿਚ ਆਈ ਸੀ, ਪਰ ਹੁਣ ਇਸ ਨੂੰ ਨੀਵਾਂ ਦਿਖਾਉਣਾ ਮੰਦਭਾਗਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇ ਇਸ਼ਾਰਿਆਂ ‘ਤੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲੇ ਢੀਂਡਸਾ ਦੇ ਇਸ ਬਿਆਨ ਨਾਲ ਉਸਦੇ ਇਰਾਦੇ ਸਾਫ਼ ਪ੍ਰਗਟ ਹੋ ਰਹੇ ਹਨ। ਉਨ੍ਹਾਂ ਢੀਂਡਸਾ ਨੂੰ ਸਵਾਲ ਕੀਤਾ ਕਿ ਇਕ ਪਾਸੇ ਤਾਂ ਉਹ ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਹਨ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਆਰ.ਐਸ.ਐਸ. ਤੋਂ ਨੀਵਾਂ ਵਿਖਾ ਰਹੇ ਹਨ।

ਉਨ੍ਹਾਂ ਢੀਂਡਸਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋੜ ਪੈਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰ ਆਪਣੀ ਭੂਮਿਕਾ ਹੀ ਅਦਾ ਨਹੀਂ ਕਰਦੇ ਬਲਕਿ ਜ਼ਿਕਰਯੋਗ ਢੰਗ ਨਾਲ ਦਬਾਅ ਬਣਾ ਕੇ ਜਾਇਜ਼ ਗੱਲ ਵੀ ਮਨਵਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।

  • 1.5K
  •  
  •  
  •  
  •