ਲਵ-ਕੁਸ਼ ਦੇ ਵੰਸ਼ ਮਾਮਲੇ ‘ਚ ਦਖਲ ਦੇਣ ਜਥੇਦਾਰ: ਜੀਕੇ

ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਗੁਰੂਆਂ ਨੂੰ ਲਵ-ਕੁਸ਼ ਦੇ ਵੰਸ਼ਜ ਦੱਸੇ ਜਾਣ ਮਗਰੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ’ਚ ਸਥਿਤੀ ਸਪੱਸ਼ਟ ਕਰਕੇ ਕੌਮ ’ਚ ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਦੀ ਰਚਨਾ ‘ਬਚਿੱਤਰ ਨਾਟਕ’ ਅਤੇ ਕੇਸਰ ਸਿੰਘ ਛਿੱਬਰ ਵੱਲੋਂ ਲਿਖੇ ਬੰਸਵਾਲੀਨਾਮੇ ਨੂੰ ਲੈ ਕੇ ਕੁੱਝ ਵਿਦਵਾਨਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਮੁਤਾਬਕ ਗੁਰਮਤਿ ਮਰਿਆਦਾ ਵੰਸ਼ ਵਾਲੀ ਸੋਚ ਨੂੰ ਰੱਦ ਕਰਦੀ ਹੈ ਕਿਉਂਕਿ ਅੰਮ੍ਰਿਤ ਛਕਣ ਮਗਰੋਂ ਹਰ ਸਿੱਖ ਖ਼ਾਲਸਾ ਬਣ ਜਾਂਦਾ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਸਾਹਿਬਾਨ ਦੇ ਵੰਸ਼ਾਂ ਬਾਰੇ ਛਪੇ ਇਤਿਹਾਸ ਅਤੇ ਇਨ੍ਹਾਂ ਦੇ ਸਰੋਤਾਂ ਵੱਲ ਮੁੜ ਝਾਤੀ ਮਾਰਨ ਦੀ ਲੋੜ ਹੈ।

ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਹੋ ਸਕਦਾ ਹੈ ਕਿ ਇਤਿਹਾਸ ਤੇ ਇਤਿਹਾਸਕ ਸਰੋਤਾਂ ਨਾਲ ਛੇੜਛਾੜ ਕੀਤੀ ਗਈ ਹੋਵੇ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤਾਂ ਕਈ ਇਤਿਹਾਸਕ ਸਰੋਤ ਖ਼ਤਮ ਹੋ ਗਏ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਸਿੱਖ ਮਿਸਲਾਂ ਦੇ ਹੋਂਦ ਵਿੱਚ ਆਉਣ ਦੌਰਾਨ ਸਿੱਖ ਲੰਮਾ ਸਮਾਂ ਜੰਗਲਾਂ ’ਚ ਰਹੇ ਹਨ। ਉਨ੍ਹਾਂ ਅਪੀਲ ਕੀਤੀ ਹੈ ਕਿ ਸਮੁੱਚੇ ਸਿੱਖ ਇਤਿਹਾਸ ਦੀ ਜਾਂਚ ਗੁਰਮਤਿ ਸੋਚ ਮੁਤਾਬਕ ਕਰਾਈ ਜਾਵੇ।

  • 668
  •  
  •  
  •  
  •