ਬੇਰੂਤ ਧਮਾਕੇ ਤੋਂ ਬਾਅਦ ਲੇਬਨਾਨ ਸਰਕਾਰ ਨੇ ਦਿੱਤਾ ਅਸਤੀਫ਼ਾ

ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਬੇਰੂਤ ਵਿਚ ਬੀਤੇ ਮੰਗਲਵਾਰ ਨੂੰ ਹੋਏ ਧਮਾਕੇ ਕਾਰਨ ਆਪਣੀ ਪੂਰੀ ਕੈਬਨਿਟ ਦੇ ਨਾਲ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਹਸਨ ਦਿਆਬ ਨੇ ਸੋਮਵਾਰ ਸ਼ਾਮ ਰਾਸ਼ਟਰੀ ਟੈਲੀਵੀਜ਼ਨ ‘ਤੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ਵਿਚ ਖੁਦ ਇਸ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਉਸ ਤ੍ਰਾਸਦੀ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਅਤੇ ਅਸਲੀ ਬਦਲਾਅ ਦੀ ਲੋਕਾਂ ਦੀ ਇੱਛਾ ਦਾ ਅਸੀਂ ਲੋਕਾਂ ਪਾਲਣ ਕਰ ਰਹੇ ਹਾਂ।

ਸੰਸਦ ਨੂੰ ਹੁਣ ਨਵਾਂ ਪ੍ਰਧਾਨ ਮੰਤਰੀ ਚੁਣਨਾ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਨਿਊਜ਼ ਏਜੰਸੀਆਂ ਮੁਤਾਬਕ ਇਹ ਖਬਰ ਆ ਗਈ ਸੀ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਲੇਬਨਾਨ ਦੇ ਰਾਸ਼ਟਰਪਤੀ ਮਾਇਕਲ ਆਓਨ ਨੂੰ ਸੌਂਪ ਦਿੱਤਾ ਹੈ ਅਤੇ ਇਸ ਦਾ ਅਧਿਕਾਰਕ ਐਲਾਨ ਜਲਦ ਹੀ ਹੋਣ ਵਾਲਾ ਹੈ। ਉਨ੍ਹਾਂ ਦੇ ਅਸਤੀਫਾ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਕਈ ਮੰਤਰੀਆਂ ਨੇ ਵੀ ਆਪਣਾ ਅਸਤੀਫਾ ਦਿੱਤਾ ਸੀ। ਹਾਲਾਂਕਿ, ਅਜਿਹੀ ਮੰਗ ਉੱਠ ਰਹੀ ਸੀ ਕਿ ਪੂਰੀ ਸਰਕਾਰ ਹੀ ਅਸਤੀਫਾ ਦੇਵੇ। ਪਿਛਲੇ ਹਫਤੇ ਮੰਗਲਵਾਰ ਨੂੰ ਲੇਬਨਾਨ ਦੀ ਰਾਜਧਾਨੀ ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 220 ਹੋ ਗਈ ਹੈ ਅਤੇ ਬੇਰੂਤ ਦੇ ਗਵਰਨਰ ਮਰਵਾਨ ਅਬੂਦ ਮੁਤਾਬਕ ਹੁਣ ਵੀ 110 ਲੋਕ ਲਾਪਤਾ ਹਨ। ਇਨ੍ਹਾਂ ਵਿਚੋਂ ਵਿਦੇਸ਼ੀ ਕਰਮਚਾਰੀ ਅਤੇ ਟਰੱਕ ਡਰਾਈਵਰ ਹਨ। ਇਸ ਧਮਾਕੇ ਵਿਚ ਕਰੀਬ 6,000 ਲੋਕ ਜ਼ਖਮੀ ਵੀ ਹੋਏ ਹਨ।

ਇਸ ਧਮਾਕੇ ਤੋਂ ਬਾਅਦ ਲੇਬਨਾਨ ਵਿਚ ਆਰਥਿਕ ਸੰਕਟ ਵੀ ਵਧਦਾ ਜਾ ਰਿਹਾ ਹੈ। ਇਸ ਕਾਰਨ ਬੇਰੂਤ ਦੀਆਂ ਸੜਕਾਂ ‘ਤੇ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਸ ਧਮਾਕੇ ਦੇ ਚੱਲਦੇ ਬੇਰੂਤ ਵਿਚ ਘਟੋਂ-ਘੱਟ 3 ਅਰਬ ਡਾਲਰ ਦੇ ਨੁਕਸਾਨ ਦੀ ਸ਼ੰਕਾ ਜਤਾਈ ਜਾ ਰਹੀ ਹੈ, ਪਰ ਇਸ ਧਮਾਕੇ ਨਾਲ ਪੂਰੇ ਲੇਬਨਾਨ ਦੀ ਅਰਥ ਵਿਵਸਥਾ ਨੂੰ 15 ਅਰਬ ਡਾਲਰ ਦਾ ਨੁਕਸਾਨ ਹੋਣ ਦੀ ਸ਼ੰਕਾ ਜਤਾਈ ਗਈ ਹੈ।

  • 120
  •  
  •  
  •  
  •