ਸਿੱਖ ਜਥੇਬੰਦੀਆਂ ਵੱਲੋਂ ਪੰਥਕ ਮਸਲਿਆਂ ਸੰਬੰਧੀ ਰੋਸ ਮੁਜ਼ਾਹਰਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਬਾਗ਼ ਪੈਲੇਸ’ ਵੱਲ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਬਹੁਜਨ ਮੁਕਤੀ ਪਾਰਟੀ ਤੇ ਹੋਰ ਪੰਥਕ ਜਥੇਬੰਦੀਆਂ ਨੇ ਪੰਥਕ ਮਸਲਿਆਂ ਸਬੰਧੀ ਰੋਸ ਮੁਜ਼ਾਹਰਾ ਕੀਤਾ। ਵਾਈਪੀਐੱਸ ਚੌਕ ਨੇੜੇ ਵੱਡੀ ਗਿਣਤੀ ਤਾਇਨਾਤ ਪੁਲਿਸ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਇਸ ਦੌਰਾਨ ਭਾਵੇਂ ਪੰਥਕ ਕਾਰਕੁਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ ਤੇ ਪੰਥਕ ਆਗੂਆਂ ਨੇ ਵਾਈਪੀਐੱਸ ਚੌਕ ਵਿਚ ਹੀ ਧਰਨਾ ਲਾ ਦਿੱਤਾ।

ਪਹਿਲਾਂ ਪੰਥਕ ਜਥੇਬੰਦੀਆਂ ਦੇ ਕਾਰਕੁਨ ਗੁਰਦੁਆਰਾ ਸ੍ਰੀ ਸਿੰਘ ਸਭਾ ਕੋਲ ਇਕੱਤਰ ਹੋਏ ਤੇ ਉੱਥੋਂ ਪੈਦਲ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੇ ਘਰ ਵੱਲ ਰਵਾਨਾ ਹੋਏ। ਪ੍ਰਦਰਸ਼ਨਕਾਰੀਆਂ ਨੇ ਵਾਈਪੀਐੱਸ ਚੌਕ ’ਚ ਧਰਨੇ ਦੌਰਾਨ ਆਖਿਆ ਕਿ ਕੈਪਟਨ ਸਰਕਾਰ ਪੰਥ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ’ਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ, ਜਿਸ ਤੋਂ ਪੰਥਕ ਜਥੇਬੰਦੀਆਂ ’ਚ ਸਰਕਾਰ ਖ਼ਿਲਾਫ਼ ਰੋਸ ਹੈ। ਕੈਪਟਨ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲਿਆ ਤੇ ਸਹੁੰ ਵੀ ਖਾਧੀ ਪਰ ਹੁਣ ਸਾਰੇ ਵਾਅਦਿਆਂ ਨੂੰ ਭੁੱਲ ਰਹੀ ਹੈ, ਜੋ ਪੰਥ ਤੇ ਗੁਰੂ ਗ੍ਰੰਥ ਸਾਹਿਬ ਨਾਲ ਬੇਵਿਸ਼ਵਾਸੀ ਹੈ।

ਪੰਥਕ ਆਗੂਆਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਬਰਗਾੜੀ ਮੋਰਚੇ ਤੇ ਬਹਿਬਲ ਕਾਂਡ ਲਈ ਇਨਸਾਫ਼ ਤੇ ਦਹਾਕਿਆਂ ਤੋਂ ਜੇਲ੍ਹੀਂ ਡੱਕੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਈ ਹੋਰ ਪੰਥਕ ਮਸਲਿਆਂ ਦਾ ਹੱਲ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਦੇ ਗੁੰਮ ਹੋਏ 267 ਸਰੂਪਾਂ ਦੀ ਉੱਚ ਪੱਧਰੀ ਪੜਤਾਲ ਦੀ ਵੀ ਮੰਗ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ‘ਅ’ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰਦਸ਼ਨਕਾਰੀ ਸਿੰਘਾਂ ਪਾਸੋਂ ਵਧੀਕ ਡਿਪਟੀ ਕਮਿਸ਼ਨਰ ਖ਼ੁਦ ਮੰਗ ਪੱਤਰ ਲੈਣ ਪੁੱਜੇ ਤੇ ਉਨ੍ਹਾਂ ਵੱਲੋਂ ਮੈਮੋਰੰਡਮ ਮੁੱਖ ਮੰਤਰੀ ਤੱਕ ਪੁੱਜਦਾ ਕਰਨ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ।

ਇਸ ਰੋਸ ਪ੍ਰਦਰਸ਼ਨ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਜਥੇਦਾਰ ਬਲਕਾਰ ਸਿੰਘ ਭੁੱਲਰ, ਗੁਰਦੀਪ ਸਿੰਘ ਬਠਿੰਡਾ, ਜਤਿੰਦਰ ਸਿੰਘ ਈਸੜੂ ਤੇ ਸਤਿਨਾਮ ਸਿੰਘ ਸਿੱਧੂ ਨੇ ਸੰਬੋਧਨ ਕੀਤਾ।

  • 96
  •  
  •  
  •  
  •