ਰੂਸ ਵੱਲੋਂ ਬਣਾਈ ਕੋਰੋਨਾ ਵੈਕਸੀਨ ‘ਤੇ WHO ਨੇ ਪ੍ਰਗਟਾਈ ਚਿੰਤਾ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਦਿਨ ਐਲਾਨ ਕੀਤਾ ਕਿ, ‘ਅਸੀਂ ਕੋਰੋਨਾ ਦੀ ਸੁਰੱਖਿਅਤ ਵੈਕਸੀਨ ਬਣਾ ਲਈ ਹੈ ਅਤੇ ਦੇਸ਼ ਵਿਚ ਰਜਿਸਟਰਡ ਵੀ ਕਰਾ ਲਿਆ ਹੈ। ਉਨ੍ਹਾਂ ਦੀਆਂ ਦੋ ਧੀਆਂ ਵਿਚੋਂ ਇਕ ਧੀ ਨੂੰ ਪਹਿਲੀ ਵੈਕਸੀਨ ਦਿੱਤੀ ਗਈ ਹੈ ਅਤੇ ਉਹ ਬਿਲਕੁੱਲ ਠੀਕ ਹੈ।’ ਹੁਣ ਵਿਸ਼ਵ ਸਿਹਤ ਸੰਗਠਨ (WHO) ਨੇ ਰੂਸ ਨੂੰ ਵੈਕਸੀਨ ਦੇ ਮਾਮਲੇ ਵਿਚ ਜਲਦਬਾਜ਼ੀ ਨਾ ਵਿਖਾਉਣ ਲਈ ਕਿਹਾ ਹੈ ਅਤੇ ਉਸ ਦੇ ਇਸ ਰਵੱਈਏ ਨੂੰ ਖ਼ਤਰਨਾਕ ਵੀ ਦੱਸਿਆ ਹੈ। ਡਬਲਯੂ.ਐਚ.ਓ. ਨੇ ਇਹ ਵੀ ਕਿਹਾ ਹੈ ਕਿ ਉਸ ਕੋਲ ਅਜੇ ਤੱਕ ਰੂਸ ਵੱਲੋਂ ਵਿਕਸਿਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੀ ਕੋਈ ਜਾਣਕਾਰੀ ਨਹੀਂ ਹੈ।

ਇਸ ਦੌਰਾਨ ਇਸ ਗੱਲ ’ਤੇ ਵੀ ਬਹਿਸ ਛਿੜ ਪਈ ਹੈ ਕਿ ਜਿੰਨੀ ਤੇਜ਼ੀ ਨਾਲ ਕਰੋਨਾਵਾਇਰਸ ਨਾਲ ਨਜਿੱਠਣ ਲਈ ਦਵਾਈ ‘ਸਪੂਤਨਿਕ V’ ਬਣਾਈ ਗਈ ਹੈ, ਉਸ ਨੇ ਕਈ ਮੋਹਰੀ ਕੰਪਨੀਆਂ ਆਕਸਫੋਰਡ ਸਟਰਾਜੈਂਸਾ, ਮੌਡੇਰਨਾ ਤੇ ਪਫਿਜ਼ਰ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਸ ਗੱਲ ’ਤੇ ਵੀ ਬਹਿਸ ਹੋ ਰਹੀ ਹੈ ਕਿ ਸਰਕਾਰ ਨੇ ਨਿਯਮ ਤਾਕ ’ਤੇ ਰੱਖ ਦਿੱਤੇ ਹਨ ਤੇ ਇਹ ਲੋਕਾਂ ਦੀ ਜਾਨ ਨੂੰ ਖ਼ਤਰੇ ’ਚ ਪਾ ਸਕਦੀ ਹੈ।

ਰੂਸ ਨੇ ਵੈਕਸੀਨ ਦਾ ਨਾਮ ਆਪਣੇ ਪਹਿਲਾਂ ਸੈਟੇਲਾਈਟ ‘ਸਪੁਤਨਿਕ V’ ਦੇ ਨਾਮ ‘ਤੇ ਰੱਖਿਆ ਹੈ। ਰੂਸੀ ਆਟੋਨੋਮਸ ਵੈਲਥ ਦੇ ਮੁਖੀ ਦਾ ਕਹਿਣਾ ਹੈ ਕਿ ਇਸ ਵੈਕਸੀਨ ਲਈ 1 ਅਰਬ ਡੋਜ ਲਈ ਉਨ੍ਹਾਂ ਨੂੰ 20 ਤੋਂ ਜ਼ਿਆਦਾ ਦੇਸ਼ਾਂ ਤੋਂ ਬੇਨਤੀ ਮਿਲ ਚੁੱਕੀ ਹੈ। ਉਧਰ WHO ਨੇ ਕਿਹਾ ਹੈ ਕਿ ਰੂਸ ਨੇ ਉਨ੍ਹਾਂ ਨਾਲ ਵੈਕਸੀਨ ਅਤੇ ਟੈਸਟਿੰਗ ਦੀ ਪ੍ਰਕਿਰਿਆ ਨਾਲ ਜੁੜੀ ਕੋਈ ਜਾਣਕਾਰੀ ਸਾਂਝੀ ਹੀ ਨਹੀਂ ਕੀਤੀ ਹੈ। WHO ਨੂੰ ਇਸ ਵੈਕਸੀਨ ਦੇ ਤੀਜੇ ਪੜਾਅ ਦੀ ਟੈਸਟਿੰਗ ਨੂੰ ਲੈ ਕੇ ਸ਼ੱਕ ਹੈ। ਸੰਗਠਨ ਦੇ ਬੁਲਾਰੇ ਕ੍ਰਿਸਟੀਅਨ ਲਿੰਡਮਿਅਰ ਨੇ ਪ੍ਰੈਸ ਬਰੀਫਿੰਗ ਦੌਰਾਨ ਕਿਹਾ ਕਿ ਜੇਕਰ ਕਿਸੇ ਵੈਕਸੀਨ ਦਾ ਤੀਜੇ ਪੜਾਅ ਦਾ ਟ੍ਰਾਇਲ ਕੀਤੇ ਬਿਨਾਂ ਹੀ ਉਸ ਦੇ ਉਤਪਾਦਨ ਲਈ ਲਾਈਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਖ਼ਤਰਨਾਕ ਮੰਨਣਾ ਹੀ ਪਵੇਗਾ।

ਪਿਛਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ ਨੇ ਰੂਸ ਨੂੰ ਬੇਨਤੀ ਕੀਤੀ ਸੀ ਕਿ ਉਹ ਕੋਰੋਨਾ ਖ਼ਿਲਾਫ ਵੈਕਸੀਨ ਬਣਾਉਣ ਲਈ ਅੰਤਰਰਾਸ਼ਟਰੀ ਗਾਈਡਲਾਈਨ ਦਾ ਪਾਲਣ ਕਰੇ। ਦੱਸ ਦਈਏ ਕਿ ਰੂਸ ਦੇ ਸਿਹਤ ਮੰਤਰਾਲੇ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਵਿਚ ਹੁਣ ਵੱਡੇ ਪੈਮਾਨੇ ‘ਤੇ ਲੋਕਾਂ ਨੂੰ ਇਹ ਵੈਕਸੀਨ ਦੇਣੀ ਸ਼ੁਰੂ ਕੀਤੀ ਜਾਏਗੀ। ਹਾਲਾਂਕਿ ਰੂਸ ਨੇ ਜਿਸ ਤੇਜ਼ੀ ਨਾਲ ਕੋਰੋਨਾ ਵੈਕਸੀਨ ਨੂੰ ਹਾਸਲ ਕਰਨ ਦਾ ਦਾਅਵਾ ਕੀਤਾ ਹੈ, ਉਸ ਨੂੰ ਦੇਖਦੇ ਹੋਏ ਵਿਗਿਆਨਕ ਜਗਤ ਵਿਚ ਇਸ ਨੂੰ ਲੈ ਕੇ ਚਿੰਤਾਵਾਂ ਵੀ ਜਤਾਈਆਂ ਜਾ ਰਹੀਆਂ ਹਨ।

  • 86
  •  
  •  
  •  
  •