ਨਿਊਜ਼ੀਲੈਂਡ ਏਅਰ ਫੋਰਸ ‘ਚ ਟੈਕਨੀਸ਼ੀਅਨ ਵਜੋਂ ਭਰਤੀ ਹੋਇਆ 20 ਸਾਲਾ ਅੰਮ੍ਰਿਤਧਾਰੀ ਨੌਜਵਾਨ

ਬਾਹਰਲੇ ਮੁਲਕਾਂ ਵਿਚ ਲਗਾਤਾਰ ਸਿੱਖ ਆਪਣਾ ਨਾਮ ਕਮਾ ਰਹੇ ਹਨ। ਜਿਥੇ ਬਾਹਰਲੇ ਮੁਲਕ ਵਿਸ਼ਵ ਪੱਧਰ ਦੀ ਪੜ੍ਹਾਈ ਵਾਸਤੇ ਅਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖਦੇ ਹਨ ਉੱਥੇ ਹੋਣਹਾਰ ਬੱਚਿਆਂ ਲਈ ਇੰਨ੍ਹਾਂ ਬਾਰਡਰਾਂ ਦੀ ਸੁਰੱਖਿਆ ਲਈ ਆਪਣੇ ਦਰਵਾਜ਼ੇ ਵੀ ਖੁਲ੍ਹੇ ਰੱਖਦੇ ਹਨ। ਇੱਕ ਵੀਹ ਸਾਲਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਸੁਹੇਲਜੀਤ ਸਿੰਘ ਨਿਊਜ਼ੀਲੈਂਡ ਹਵਾਈ ਸੈਨਾ ਦੇ ਵਿਚ ‘ਏਅਰ ਕਰਾਫ਼ਟ ਟੈਕਨੀਸ਼ੀਅਨ’ ਵਜੋਂ ਭਰਤੀ ਹੋਇਆ ਹੈ। ਇੱਕ ਨਿਪੁੰਨ ਮਕੈਨਿਕ ਬਣਨ ਦੇ ਲਈ ਸੁਹੇਲਜੀਤ ਨੂੰ ਦੋ ਹੋਰ ਕੋਰਸ ਕਰਵਾਏ ਜਾ ਰਹੇ ਹਨ। ਇੱਕ ਪੇਸ਼ੇਵਰ ਮਕੈਨਿਕ ਬਣਨ ਤੋਂ ਬਾਅਦ ਇਹ ਸਿੱਖ ਨੌਜਵਾਨ ਏਅਰ ਕਰਾਫ਼ਟ ਦੀ ਉਡਾਣ ਤੋਂ ਪਹਿਲਾਂ ਅਤੇ ਲੈਂਡਿੰਗ ਦੇ ਬਾਅਦ ਦੀ ਮੈਕਨੀਕਲ ਸਰਵਿਸ ਕਰਨ ਦੇ ਕਾਬਿਲ ਹੋਵੇਗਾ।

ਇਸ ਤੋਂ ਬਾਅਦ ਅਗਲਾ ਕੋਰਸ ਕਰਨ ਤੋਂ ਬਾਅਦ ਇਹ ਨੌਜਵਾਨ ਸੀਨੀਅਰ ਟੀਮ ਦਾ ਮੈਂਬਰ ਬਣ ਜਾਏਗਾ, ਜੋ ਜਹਾਜ਼ ਦੇ ਵੱਡੇ ਨੁਕਸ ਲੱਭ ਕੇ ਠੀਕ ਕਰਦੇ ਹਨ ਅਤੇ ਇੰਜਣ ਆਦਿ ਦੀ ਅਦਲਾ-ਬਦਲੀ ਕਰਦੇ ਹਨ। ਨਿਊਜ਼ੀਲੈਂਡ ਹਵਾਈ ਸੈਨਾ ਦੇ ਵਿਚ ਕਿਸੇ ਵੀ ਧਰਮ ਅਨੁਸਾਰ ਅਪਣਾ ਹੁਲੀਆ ਰੱਖਣ ਦੀ ਛੋਟ ਹੈ ਜਿਸ ਕਰ ਕੇ ਇਹ ਸਿੱਖ ਨੌਜਵਾਨ ਪੰਜ ਕਕਾਰਾਂ ਦਾ ਧਾਰਨੀ ਰਹਿੰਦਾ ਹੈ ਅਤੇ ਸਿਰ ਦੇ ਉੱਤੇ ਛੋਟੀ ਦਸਤਾਰ ਜਾਂ ਪਟਕਾ ਬੰਨ੍ਹ ਕੇ ਅਪਣੀ ਨੌਕਰੀ ਕਰ ਰਿਹਾ ਹੈ।

ਫੋਰਸ ਦੀ ਵਰਦੀ ਦੇ ਰੂਪ ਵਿਚ ਛੋਟੀ ਦਸਤਾਰ ਉਤੇ ਹਵਾਈ ਸੈਨਾ ਦਾ ਬੈਜ ਲਗਾਉਣਾ ਹੁੰਦਾ ਹੈ ਜੋ ਬਾਕੀ ਦੇ ਨੌਜਵਾਨ ਅਪਣੀ ਟੋਪੀ ‘ਤੇ ਲਗਾਉਂਦੇ ਹਨ। ਇੱਥੇ ਧਾਰਮਿਕ ਕਕਾਰਾਂ ਦੀ ਕੋਈ ਮਨਾਹੀ ਨਹੀਂ ਹੈ। ਹਵਾਈ ਸੈਨਾ ਦੇ ਇਸ ਨੌਜਵਾਨ ਦੀ ਅਜੋਕੇ ਭਾਰਤੀ ਮੁੰਡਿਆਂ ਅਤੇ ਕੁੜੀਆਂ ਨੂੰ ਅਪੀਲ ਹੈ ਕਿ ਉਹ ਨਿਊਜ਼ੀਲੈਂਡ ਡਿਫ਼ੈਂਸ ਫ਼ੋਰਸ ਵਿਚ ਭਰਤੀ ਹੋਣ। ਸੁਹੇਲਜੀਤ ਸਿੰਘ ਅਨੁਸਾਰ ਭਰਤੀ ਹੋਣਾ ਔਖਾ ਨਹੀਂ ਹੈ ਪਰ ਇਸ ਲਈ ਕਾਫ਼ੀ ਤਿਆਰੀ, ਪੜ੍ਹਾਈ ਤੇ ਲਗਨ ਦੀ ਜ਼ਰੂਰਤ ਪੂਰੀ ਕਰਨੀ ਪੈਂਦੀ ਹੈ। ਇਸ ਵੇਲੇ ਇਹ ਸਿੱਖ ਨੌਜਵਾਨ ਅਪਣੇ ਹਵਾਈ ਸੈਨਾ ਗਰੁਪ ਵਿਚ ਇੱਕੋ ਇੱਕ ਸਿੱਖ ਨੌਜਵਾਨ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ।

ਤਿੰਨ ਸਾਲ ਦੀ ਉਮਰ ਵਿਚ ਸੁਹੇਲਜੀਤ ਨਵੀਂ ਦਿੱਲੀ ਤੋਂ ਇੱਥੇ ਅਪਣੇ ਪ੍ਰਵਾਰ ਨਾਲ ਆਇਆ ਸੀ। ਸਿੱਖੀ ‘ਚ ਪੂਰਨ ਵਿਸ਼ਵਾਸ, ਖ਼ਾਲਸਾ ਹੈਰੀਟੇਜ਼ ਸਕੂਲ ਗੁਰਦੁਆਰਾ ਸਾਹਿਬ ਟਾਕਾਨੀਨੀ ‘ਚ ਪੰਜਾਬੀ ਦੀ ਪੜ੍ਹਾਈ, ਨਾਲ ਦੀ ਨਾਲ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਿਆ ਅਤੇ ਸਿੱਖ ਮਾਰਸ਼ਲ ਆਰਟ (ਗਤਕੇ) ਵਿਚ ਵੀ ਮੁਹਾਰਤ ਹਾਸਲ ਕੀਤੀ।

  •  
  •  
  •  
  •  
  •