ਭਾਰਤ ‘ਚ ਕੋਰੋਨਾ ਦਾ ਸਿਖ਼ਰ ਆਉਣਾ ਹਾਲੇ ਬਾਕੀ: ਗੁਲੇਰੀਆ

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਇਰੈਕਟਰ ਤੇ ਭਾਰਤ ਦੇ ਉੱਘੇ ਸਿਹਤ ਮਾਹਿਰ ਡਾ. ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹਲੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਦਾ ਸਿਖ਼ਰ ਨਹੀਂ ਹੋਇਆ ਤੇ ਨਾ ਹੀ ਸਥਿਰਤਾ ਆਈ ਹੈ।

ਗੁਲੇਰੀਆ ਦਾ ਬਿਆਨ ਆਉਣ ‘ਤੇ ਦੇਸ਼ ਵਾਸੀਆਂ ‘ਚ ਫ਼ਿਕਰ ਦੀ ਫ਼ਿਜ਼ਾ ਬਣ ਗਈ ਹੈ, ਕਿਉਂਕਿ ਹੁਣ ਰੋਜ਼ਾਨਾ ਦੇਸ਼ ਵਿੱਚ ਲਾਗ ਦੇ 60 ਹਜ਼ਾਰ ਤੋਂ ਵੱਧ ਨਵੇਂ ਕੇਸ ਆ ਰਹੇ ਹਨ। ਦੇਸ਼ ਵਿੱਚ 30 ਜਨਵਰੀ ਨੂੰ ਕਰੋਨਾਵਾਇਰਸ ਦਾ ਪਹਿਲਾਂ ਕੇਸ ਆਉਣ ਮਗਰੋਂ ਹੁਣ ਤੱਕ 24 ਲੱਖ ਦੇ ਕਰੀਬ ਕੇਸ ਆ ਚੁੱਕੇ ਹਨ ਅਤੇ 47 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਮਹਾਂਮਾਰੀ ਬਾਬਤ ਗੁਲੇਰੀਆ ਨੇ ਕਿਹਾ, ‘‘ਇਹ ਅਜ਼ਮਾਇਸ਼ ਦਾ ਵੇਲਾ ਹੈ। ਇਸ ਨੇ ਮੁਲਕ ਦੀ ਬਰਦਾਸ਼ਤ ਸ਼ਕਤੀ ਨੂੰ ਪਰਖਿਆ ਹੈ। ਜਿੱਥੋਂ ਤੱਕ ਮਾਮਲਿਆਂ ਦੀ ਗਿਣਤੀ ਦਾ ਮਸਲਾ ਹੈ, ਅਸੀਂ ਅਜੇ ਤੱਕ ਸਿਖ਼ਰ ਜਾਂ ਸਥਿਰਤਾ ਤੱਕ ਨਹੀਂ ਪੁੱਜੇ ਹਾਂ।’’ ਵੈਕਸੀਨ ਦੇ ਵਿਕਾਸ ਬਾਰੇ ਡਾ. ਗੁਲੇਰੀਆਂ ਨੇ ਕਿਹਾ ਕਿ ਸਾਨੂੰ ਇਹ ਫ਼ਾਇਦਾ ਹੈ ਕਿ ਵਿਸ਼ਵ ਭਰ ਦੀਆਂ ਲਗਭਗ 60 ਫ਼ੀਸਦ ਵੈਕਸੀਨਾਂ ਭਾਰਤ ਬਣਾਉਂਦਾ ਹੈ। ਉਨ੍ਹਾਂ ਰੂਸ ਦੀ ਵੈਕਸੀਨ ਦੇ ਸਬੰਧ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

  • 190
  •  
  •  
  •  
  •