ਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਦਾਦੂਵਾਲ ਨੇ ਵਿਰੋਧੀ ਉਮੀਦਵਾਰ ਜਸਬੀਰ ਸਿੰਘ ਖਾਲਸਾ ਨੂੰ ਦੋ ਵੋਟਾਂ ਦੇ ਫਰਕ ਨਾਲ ਹਰਾਇਆ। ਜਥੇਦਾਰ ਦਾਦੂਵਾਲ ਨੂੰ 19 ਜਦਕਿ ਜਸਬੀਰ ਖਾਲਸਾ ਨੂੰ 17 ਵੋਟਾਂ ਪਈਆਂ।

ਚੋਣ ਪ੍ਰਕਿਰਿਆ ਐੱਸਡੀਐੱਮ ਗੂਹਲਾ ਸ਼ਸ਼ੀ ਵਸੁੰਧਰਾ, ਐੱਸਡੀਐੱਮ ਕੈਥਲ ਸੰਜੇ ਕੁਮਾਰ, ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਗੂਹਲਾ ਪ੍ਰਦੀਪ ਕੁਮਾਰ ਆਦਿ ਨੇ ਸ਼ੁਰੂ ਕਰਵਾਈ। ਚੋਣ ਪ੍ਰਕਿਰਿਆ ‘ਚ ਕਈ ਵਾਰ ਰੁਕਾਵਟ ਆਈ। ਚੋਣ ਅਧਿਕਾਰੀ ਦਰਸ਼ਨ ਸਿੰਘ ਨੇ ਨਤੀਜਾ ਐਲਾਨਦਿਆਂ ਦੱਸਿਆ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ 36 ਵੋਟਾਂ ’ਚੋਂ 19 ਵੋਟ ਲੈ ਕੇ ਦੋ ਵੋਟਾਂ ਨਾਲ ਜੇਤੂ ਰਹੇ ਹਨ, ਜਦੋਂ ਕਿ ਜਸਬੀਰ ਸਿੰਘ ਖਾਲਸਾ ਨੂੰ 17 ਵੋਟ ਪ੍ਰਾਪਤ ਹੋਈਆਂ ਹਨ।

ਚੋਣ ਜਿੱਤਣ ਮਗਰੋਂ ਬਲਜੀਤ ਦਾਦੂਵਾਲ ਨੇ ਕਿਹਾ ਕਿ ਉਹ ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਸਨ, ਜਿਸ ਮੂਹਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਬਹੁਤ ਛੋਟਾ ਹੈ ਪ੍ਰੰਤੂ ਨਵੀਂ ਜ਼ਿੰਮੇਵਾਰੀ ਦੇ ਚੱਲਦਿਆਂ ਉਹ ਸਰਬੱਤ ਖਾਲਸਾ ਨੂੰ ਅਪੀਲ ਕਰਨਗੇ ਕਿ ਉਨ੍ਹਾਂ ਨੂੰ ਜਥੇਦਾਰ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ ਤੇ ਸਾਰੇ ਕਮੇਟੀ ਮੈਂਬਰ ਮਿਲ ਕੇ ਸੁਪਰੀਮ ਕੋਰਟ ’ਚ ਕੇਸ ਦੀ ਪੈਰਵੀ ਕਰਨਗੇ।

  • 1.5K
  •  
  •  
  •  
  •