ਸਤਿਕਾਰ ਕਮੇਟੀ ਵੱਲੋਂ ਜਬਰੀ ਪਾਵਨ ਸਰੂਪ ਲੈ ਕੇ ਜਾਣ ‘ਤੇ ਜਥੇਦਾਰ ਅਕਾਲ ਤਖ਼ਤ ਦਾ ਆਦੇਸ਼

ਪਿਛਲੇ ਦਿਨਾਂ ‘ਚ ਪਿੰਡ ਬੱਸੀ ਜਲਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਸੇਵਾ ਮੁਕਤ ਅੰਮ੍ਰਿਤਧਾਰੀ ਪ੍ਰਿੰਸੀਪਲ ਜਸਵੰਤ ਸਿੰਘ ਦੇ ਘਰ ਤੋਂ ਜਬਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੁੱਕ ਕੇ ਲਿਜਾਣ ਦਾ ਜਥੇਦਾਰ ਅਕਾਲ ਤਖ਼ਤ ਨੇ ਗੰਭੀਰ ਨੋਟਿਸ ਲਿਆ।

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਹਰ ਇਕ ਵਿਅਕਤੀ ਦਾ ਨੈਤਿਕ ਫ਼ਰਜ਼ ਹੈ ਪਰ ਗੁਰੂ ਸਾਹਿਬ ਜੀ ਦੇ ਸਤਿਕਾਰ ਦੇ ਨਾਂ ’ਤੇ ਕੁੱਝ ਵਿਅਕਤੀਆਂ ਦੇ ਵੱਲੋਂ ਨਿੱਜੀ ਜਥੇਬੰਦੀਆਂ ਬਣਾ ਕੇ ਸੰਗਤਾਂ ਨਾਲ ਧੱਕੇਸ਼ਾਹੀ ਕਰਨੀ ਸਹੀ ਨਹੀਂ। ਅਜਿਹੀਆਂ ਧੱਕੇਸ਼ਾਹੀਆਂ ਦੀਆਂ ਇੰਨ੍ਹਾਂ ਜਥੇਬੰਦੀਆਂ ਖਿਲਾਫ਼ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤਾਂ ਅਤੇ ਪ੍ਰਸ਼ਾਸਨ ਨੂੰ ਸੂਚਿਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਜਥੇਦਾਰਾਂ’ ਵਲੋਂ ਹੋਏ ਆਦੇਸ਼ ਅਨੁਸਾਰ ਕਿਸੇ ਵੀ ਜਥੇਬੰਦੀ ਨੂੰ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਜ਼ਬਰਦਸਤੀ ਲੈ ਕੇ ਜਾਣ ਦੀ ਇਜਾਜ਼ਤ ਨਹੀਂ। ਜੇਕਰ ਕਿਤੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਵਿਚ ਘਾਟ ਹੈ ਤਾਂ ਸੰਗਤਾਂ ਨੂੰ ਉਸ ਸਬੰਧੀ ਪਿਆਰ ਨਾਲ ਗੁਰਮਤਿ ਦੀ ਰੋਸ਼ਨੀ ਵਿਚ ਸਮਝਾਇਆ ਜਾਵੇ।

  • 1.9K
  •  
  •  
  •  
  •