ਕੋਟਕਪੂਰਾ ਗੋਲੀਕਾਂਡ ‘ਚ ਦੋਸ਼ੀ ਨਾਮਜ਼ਦ ਐੱਸਪੀ ਬਲਜੀਤ ਸਿੰਘ ਨੂੰ ਮਿਲੀ ਅਗਾਊਂ ਜ਼ਮਾਨਤ

ਕੋਟਕਪੂਰਾ ਗੋਲੀ ਕਾਂਡ ਦੇ ਮੁਲਜ਼ਮ ਐੱਸਪੀ ਬਲਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਮੁਲਜ਼ਮ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਐੱਸਪੀ ਬਲਜੀਤ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਗ੍ਰਿਫ਼ਤਾਰੀ ਉੱਪਰ ਰੋਕ ਲਾ ਦਿੱਤੀ ਹੈ।

ਵਿਸ਼ੇਸ਼ ਜਾਂਚ ਟੀਮ ਵੱਲੋਂ ਇਸੇ ਸਾਲ ਹੀ 11 ਜੁਲਾਈ ਨੂੰ ਐੱਸਪੀ ਬਲਜੀਤ ਸਿੰਘ ਨੂੰ ਸਿੱਖ ਸੰਗਤ ਖਿਲਾਫ਼ ਕਥਿਤ ਤੌਰ ‘ਤੇ ਫ਼ਰਜ਼ੀ ਮੁਕੱਦਮਾ ਬਣਾਉਣ ਦੇ ਲਈ ਝੂਠੀ ਗਵਾਹੀ ਤਿਆਰ ਕਰਨ ਅਤੇ ਸਾਜਸ਼ ਰਚਣ ਦੇ ਦੋਸ਼ਾਂ ਅਧੀਨ ਮੁਲਜ਼ਮ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਐੱਸਪੀ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ।

ਬਲਜੀਤ ਸਿੰਘ ਨੇ ਕਿਹਾ ਕਿ ਜਾਂਚ ਟੀਮ ਜਾਣਬੁੱਝ ਕੇ ਉਸ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਉਹ ਜਾਂਚ ਵਿਚ ਪੂਰਾ ਸਹਿਯੋਗ ਦੇ ਰਿਹਾ ਹੈ। ਪਰ ਦੁਜੇ ਪਾਸੇ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਐੱਸਪੀ ਬਲਜੀਤ ਸਿੰਘ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨਿਲ ਖੇਤਰਪਾਲ ਨੇ ਬਲਜੀਤ ਸਿੰਘ ਨੂੰ ਅਗਾਊਂ ਜ਼ਮਾਨਤ ਦਿੰਦਿਆਂ ਆਦੇਸ਼ ਦਿੱਤੇ ਕਿ ਉਹ ਲੋੜ ਪੈਣ ’ਤੇ ਜਾਂਚ ਟੀਮ ਸਾਹਮਣੇ ਹਾਜ਼ਰ ਹੋਵੇ ਅਤੇ ਜਾਂਚ ਵਿੱਚ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇ।

  • 228
  •  
  •  
  •  
  •